ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 5 ਜੁਲਾਈ
ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਰੂਰਲ ਫਾਰਮੇਸੀ ਅਫਸਰ ਐਸੋਸੀਏਸ਼ਨ ਅਤੇ ਦਰਜਾ ਚਾਰ ਕਰਮਚਾਰੀ ਯੂਨੀਅਨ ਦੇ ਸੱਦੇ ’ਤੇ ਫਤਿਹਗੜ੍ਹ ਚੂੜੀਆਂ ਵਿੱਚ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ 1186 ਡਿਸਪੈਂਸਰੀਆਂ ਦੇ ਫਾਰਮੇਸੀ ਅਫਸਰ ਅਤੇ ਦਰਜਾ ਚਾਰ ਕਰਮਚਾਰੀ ਪਿਛਲੇ 14 ਸਾਲਾਂ ਤੋਂ ਪੱਕਿਆਂ ਹੋਣ ਅਤੇ ਹੋਰ ਮੰਗਾਂ ਮੰਨਵਾਉਣ ਲਈ ਸੰਤਾਪ ਭੁਗਤ ਰਹੇ ਹਨ, ਜਦੋਂ ਕਿ ਸਰਕਾਰ ਦੇ ਕੰਨਾ ’ਤੇ ਜੂੰ ਤੱਕ ਨਹੀਂ ਸਰਕ ਰਹੀ।ਇਸ ਦੇ ਵਿਰੋਧ ਵਿੱਚ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਹਲਕੇ ਫਤਿਹਗੜ੍ਹ ਚੂੜੀਆਂ ਵਿੱਚ ਸੈਂਕੜੇ ਫਾਰਮੇਸੀ ਅਫਸਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਫਤਿਹਗੜ੍ਹ ਚੂੜੀਆਂ ਵਿਖੇ ਗੁਰਦਾਸਪੁਰ ,ਪਠਾਨਕੋਟ, ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ ਜ਼ਿਲ੍ਹਿਆਂ ਤੋਂ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਸਥਾਨਕ ਦਾਣਾ ਮੰਡੀ ਤੋਂ ਸ਼ੁਰੂ ਹੋਇਆ ਰੋਸ ਮੁਜ਼ਾਹਰਾ ਸਾਰੇ ਬਜ਼ਾਰਾਂ ਤੋਂ ਹੁੰਦਾ ਹੋਇਆ ਫਿਰ ਦਾਣਾ ਮੰਡੀ ਵਿੱਚ ਖਤਮ ਹੋਇਆ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਬਿਕਰਮਜੀਤ ਸਿੰਘ ਸਠਿਆਲੀ, ਸੂਬਾ ਚੇਅਰਮੈਨ ਬਲਜੀਤ ਸਿਘ ਮੀਰਾਂਕੋਟ, ਗੁਰਜੀਤ ਸਿੰਘਲੂ ਸੂਬਾ ਕਮੇਟੀ ਮੈਂਬਰ ,ਕਮਲਜੀਤ ਸਿੰਘ ਚੌਹਾਨ ਮੀਤ ਚੇਅਰਮੈਨ, ਹਰਗਿੰਦਰ ਸਿੰਘ ਤਰਨਤਾਰਨ, ਵਰਿੰਦਰਪਾਲ ਭਾਟੀਆ, ਸੁਰਿੰਦਰਪਾਲ ਰਾਜਨ, ਗੁਰਮੀਤ ਸਿੰਘ, ਹੰਸਰਾਜ ਜਲੰਧਰ, ਸੁਖਦੇਵ ਸਿੰਘ ਕਪਰਥਲਾ, ਗਬਰਮੁਖ ਸਿੰਘ ਹੋਸ਼ਿਆਰਪੁਰ, ਗੁਰਦੀਪ ਸਿੰਘ ਅੰਮ੍ਰਿਤਸਰ, ਦਰਜਾਚਾਰ ਯੂਨੀਅਨ ਦੇ ਸੂਬਾ ਪ੍ਰਧਾਨ ਸਤਪਾਲ ਸਿੰਘ, ਪਲਵਿੰਦਰ ਕੁਮਾਰ ਅਤੇ ਚਰਨਜੀਤ ਸਿੰਘ ਫਤਿਹਗੜ੍ਹ ਚੂੜੀਆਂ ਨੇ ਵਿਚਾਰ ਰੱਖੇ।