ਪੱਤਰ ਪ੍ਰੇਰਕ
ਪੱਟੀ, 6 ਜਨਵਰੀ
ਅੱਜ ਦੇਰ ਸ਼ਾਮ ਇਲਾਕੇ ਦੇ ਪਿੰਡ ਕੈਰੋਂ ਅੰਦਰ ਮੈਡੀਕਲ ਸਟੋਰ ਦੇ ਮਾਲਕ ਗੁਰਲਾਲ ਸਿੰਘ ਗੁੱਗੂ ਪੁੱਤਰ ਸੁਖਦੇਵ ਸਿੰਘ ਵਾਸੀ ਬਲੇਕੀਆ ਮਹੱਲਾ ਪੱਟੀ ਦੀ ਅਣਪਛਾਤੇ ਮੋਟਸਾਈਕਲ ਸਵਾਰ ਦੋ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਸਿਵਲ ਹਸਪਤਾਲ ਕੈਰੋਂ ਦੇ ਸਾਹਮਣੇ ਗੁਰੁ ਰਾਮਦਾਸ ਮੈਡੀਕਲ ਸਟੋਰ ਚਲਾਉਂਦਾ ਸੀ ਅਤੇ ਪਿਛਲੇ ਕਰੀਬ 7 ਸਾਲ ਤੋਂ 108 ਐਬੂਲੈਂਸ ਅੰਦਰ ਮੈਡੀਕਲ ਫਾਰਮਾਸਿਸਟ ਦਾ ਕੰਮ ਕਰਦਾ ਸੀ।ਮ੍ਰਿਤਕ ਦੇ ਕਰੀਬੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਅਤੇ ਮ੍ਰਿਤਕ ਦੀ ਕਿਸੇ ਨਾਲ ਕੋਈ ਨਿਜੀ ਦੁਸ਼ਮਣੀ ਨਹੀਂ ਸੀ। ਇਸ ਵਾਰਦਾਤ ਦੀ ਸੂਚਨਾ ਮਿਲਦਿਆਂ ਮੌਕੇ ਉੱਤੇ ਪਹੁੰਚੇ ਡੀਐੱਸਪੀ ਮਨਿੰਦਰਪਾਲ ਸਿੰਘ ਅਤੇ ਐੱਸਐੱਚਓ (ਸਿਟੀ) ਲਖਬੀਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਮ੍ਰਿਤਕ ਨੂੰ ਕਰੀਬ ਪੰਜ ਗੋਲੀਆ ਮਾਰੀਆ ਗਈਆ ਹਨ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਘਟਨਾਂ ਸਬੰਧੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲੀਸ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟ ਗਈ ਹੈ।