ਹਰਪਾਲ ਸਿੰਘ ਨਾਗਰਾ
ਫ਼ਤਹਿਗੜ੍ਹ ਚੂੜੀਆਂ, 11 ਫਰਵਰੀ
ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਆਪਣੀ ਚੋਣ ਮੁਹਿੰਮ ਤਹਿਤ ਫ਼ਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ 2 ਅਤੇ ਹਲਕੇ ਦੇ ਪਿੰਡ ਗਿੱਲਾਂਵਾਲੀ, ਬਿਜਲੀਵਾਲ, ਮਾਨ ਸੈਂਡਵਾਲ, ਖੈਹਿਰਾ ਕਲਾਂ ਅਤੇ ਬੁਲੋਵਾਲ ਵਿਖੇ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਵਾਰਡ ਨੰਬਰ-2 ਦੀ ਮੀਟਿੰਗ ਵਿਚ ਸ਼ਹਿਰ ਦੇ ਕਾਂਗਰਸੀ ਆਗੂਆਂ ਤੋਂ ਇਲਾਵਾ ਮਸੀਹੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ। ਸ੍ਰੀ ਬਾਜਵਾ ਨੇ ਲੋਕਾਂ ਨੂੰ 20 ਫਰਵਰੀ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬਾਜਵਾ ਨੇ ਕਿਹਾ ਕਿ ਲੋਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਏ ਗਏ ਫੈਸਲਿਆਂ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਚੰਨੀ ਨੂੰ ਮੁੜ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜਗੀਰਦਾਰ ਅਤੇ ਰਜਵਾੜਾ ਪਰਿਵਾਰਾਂ ਵਿੱਚੋਂ ਬਣਦੇ ਰਹੇ ਮੁੱਖ ਮੰਤਰੀਆਂ ਨੇ ਕਦੇ ਛੋਟੇ ਕਿਸਾਨਾਂ, ਦੁਕਾਨਦਾਰਾਂ, ਮੁਲਾਜ਼ਮਾਂ, ਮਜ਼ਦੂਰਾਂ ਅਤੇ ਸਮਾਜ ਦੇ ਪੱਛੜੇ ਵਰਗਾਂ ਲਈ ਕੁਝ ਨਹੀਂ ਸੋਚਿਆ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੋਣਗੇ। ਨਵਜੋਤ ਸਿੰਘ ਸਿੱਧੂ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਉਹ ਇਨ੍ਹਾਂ ਗੱਲਾਂ ’ਤੇ ਯਕੀਨ ਨਹੀਂ ਕਰਦੇ ਹਨ ਅਤੇ ਨਾ ਹੀ ਉਨ੍ਹਾਂ ਨੇ ਉਹ ਵੀਡੀਓ ਦੇਖੀ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਨਾ ਤਾਂ ਸੂਬੇ ਵਿੱਚ ਮਾਫੀਆ ਪੈਦਾ ਕਰਨ ਵਾਲੇ ਅਤੇ ਹਰ ਧਰਮ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਅਕਾਲੀਆਂ ਨੂੰ ਮੂੰਹ ਲਗਾਉਣਗੇ ਅਤੇ ਨਾ ਹੀ ਉਹ ਪੰਜਾਬ ਤੇ ਪੰਥ ਵਿਰੋਧੀ ਸੋਚ ਦੇ ਮਾਲਕ ਅਰਵਿੰਦ ਕੇਜਰੀਵਾਲ ਦੀਆਂ ਗੱਲਾਂ ਵਿੱਚ ਆਉਣਗੇ। ਇਸ ਮੌਕੇ ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਕੁਲਵਿੰਦਰ ਸਿੰਘ ਲਾਲੀ, ਸੁਰੇਸ਼ ਬਬਲੂ, ਰਜਿੰਦਰ ਸਿੰਘ ਬਿੰਦੂ ਤੇ ਬਲਵਿੰਦਰ ਸਿੰਘ ਭਾਲੋਵਾਲੀ ਆਦਿ ਆਗੂ ਹਾਜ਼ਰ ਸਨ।