ਪੱਤਰ ਪ੍ਰੇਰਕ
ਪਠਾਨਕੋਟ, 18 ਜੂਨ
ਬਿਨਾ ਹਾਈ ਸਕਿਓਰਿਟੀ ਨੰਬਰ ਪਲੇਟ ਵਾਲੇ ਵਾਹਨਾਂ ਦਾ ਪੰਜਾਬ ਤੋਂ ਜੰਮੂ-ਕਸ਼ਮੀਰ ਅੰਦਰ ਪ੍ਰਵੇਸ਼ ਨਹੀਂ ਹੋ ਸਕੇਗਾ ਅਤੇ ਅਜਿਹੇ ਵਾਹਨਾਂ ਨੂੰ ਜੰਮੂ-ਕਸ਼ਮੀਰ ਦੇ ਲਖਨਪੁਰ ਨਾਕੇ ਤੇ ਪੁੱਜਦੇ ਸਾਰ ਹੀ ਜ਼ਬਤ ਕਰ ਲਿਆ ਜਾਵੇਗਾ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਦੇ ਮਾਧੋਪੁਰ ਨਾਕੇ ’ਤੇ ਜੰਮੂ-ਕਸ਼ਮੀਰ ਪੁਲੀਸ ਵੱਲੋਂ ਚਿਤਾਵਨੀ ਬੋਰਡ ਵੀ ਲਾ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਟਰੈਫਿਕ ਪੁਲੀਸ ਵੱਲੋਂ 2 ਦਿਨਾਂ ਵਿੱਚ 100 ਤੋਂ ਜ਼ਿਆਦਾ ਵਾਹਨ ਜ਼ਬਤ ਕਰ ਲਏ ਗਏ ਹਨ। ਲਖਨਪੁਰ ਵਿੱਚ ਸਖ਼ਤੀ ਤੋਂ ਬਾਅਦ ਪੰਜਾਬ ਖੇਤਰ ਤੋਂ ਜੰਮੂ ਨੂੰ ਵਾਹਨਾਂ ਵਿੱਚ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਠਾਨਕੋਟ ਦੇ ਆਸ-ਪਾਸ ਦੇ ਖੇਤਰਾਂ ਦੇ ਲੋਕ ਰੋਜ਼ਾਨਾ ਆਪਣੇ ਵਾਹਨਾਂ ਉਪਰ ਕੰਮ ਲਈ ਜੰਮੂ-ਕਸ਼ਮੀਰ ਖੇਤਰ ਵਿੱਚ ਜਾਂਦੇ ਹਨ, ਜਿਨ੍ਹਾਂ ਨੂੰ ਟਰੈਫਿਕ ਪੁਲੀਸ ਵੱਲੋਂ ਵਾਹਨ ਜ਼ਬਤ ਕਰ ਲੈਣ ਦਾ ਡਰ ਸਤਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਵਾਹਨਾਂ ਵਿੱਚ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣ ਲਈ ਸਮਾਂ ਦੇਣਾ ਚਾਹੀਦਾ ਹੈ ਅਤੇ ਨਾਲ ਹੀ ਪੁਲੀਸ ਨੂੰ ਵਾਹਨ ਜਬਤ ਕਰਨ ਦੀ ਬਜਾਏ ਚਲਾਨ ਕੱਟਣਾ ਚਾਹੀਦਾ ਹੈ।
ਜੰਮੂ-ਕਸ਼ਮੀਰ ਪ੍ਰਸ਼ਾਸਨ ਦੀ ਮੰਨੀਏ ਤਾਂ ਹਾਈ ਸਕਿਓਰਿਟੀ ਨੰਬਰ ਪਲੇਟ ਦਾ ਫ਼ੈਸਲਾ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਐੱਸਐੱਸਪੀ ਟਰੈਫਿਕ ਮੋਹਨ ਲਾਲ ਨੇ ਦੱਸਿਆ ਕਿ ਇਸ ਸਬੰਧੀ ਮਾਧੋਪੁਰ ਵਿੱਚ ਬੋਰਡ ਲਾ ਕੇ ਲੋਕਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਬਿਨਾਂ ਹਾਈ ਸਕਿਓਰਿਟੀ ਪਲੇਟ ਦੇ ਜੰਮੂ ਵਿੱਚ ਵਾਹਨਾਂ ਨੂੰ ਪ੍ਰਵੇਸ਼ ਨਹੀਂ ਹੋਣ ਦਿੱਤਾ ਜਾਵੇਗਾ। ਇਸ ਬਾਰੇ ਪੰਜਾਬ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।