ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 12 ਦਸੰਬਰ
ਇੱਥੋਂ ਦੇ ਵਾਰਡ ਨੰਬਰ 10 ਅਤੇ 11 ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੀ ਮੋਟਰ ਕਰੀਬ ਡੇਢ ਸਾਲ ਤੋਂ ਬੰਦ ਪਈ ਹੈ। ਇਸ ਸਬੰਧੀ ਸਥਾਨਕ ਲੋਕਾਂ ਨੇ ਦੱਸਿਆ ਵਾਟਰ ਸਪਲਾਈ ਵਾਲੀ ਮੋਟਰ ਨਾਲ ਦੋ ਵਾਰਡਾਂ ਦਸ ਅਤੇ ਗਿਆਰਾਂ ਵਿੱਚ ਪੀਣ ਵਾਲਾ ਪਾਣੀ ਸਪਲਾਈ ਹੁੰਦਾ ਹੈ ਅਤੇ ਇਹ ਡੇਢ ਸਾਲ ਤੋਂ ਬੰਦ ਪਈ ਹੈ। ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ਦੇ ਜ਼ਿਆਦਾਤਰ ਲੋਕ ਇਸੇ ਮੋਟਰ ਦੇ ਪਾਣੀ ਉੱਪਰ ਨਿਰਭਰ ਹਨ ਅਤੇ ਇਨ੍ਹਾਂ ਲੋਕਾਂ ਨੂੰ ਪੀਣ ਲਈ ਪਾਣੀ ਆਸ ਪਾਸ ਤੋਂ ਮੰਗ ਕੇ ਜਾਂ ਫਿਰ ਕਿਸੇ ਟਿਊਬਵੈੱਲ ਤੋਂ ਲਿਆਉਣਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਉਹ ਇਨ੍ਹਾਂ ਵਾਰਡਾਂ ਦੇ ਕੌਂਸਲਰਾਂ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ ਪਰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗੀ ਹੈ। ਇਸ ਸਬੰਧੀ ਜਦੋਂ ਵਾਟਰ ਸਪਲਾਈ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਜਗ੍ਹਾ ਪਾਣੀ ਸਪਲਾਈ ਕਰਨ ਲਈ ਠੀਕ ਨਹੀਂ ਹੈ। ਇਸ ਲਈ ਇਸ ਟਿਊਬਵੈੱਲ ਨੂੰ ਕਿਸੇ ਹੋਰ ਜਗ੍ਹਾ ਉਪਰ ਤਬਦੀਲ ਕਰਕੇ ਨਵਾਂ ਬੋਰ ਕਰਨ ਦੀ ਜ਼ਰੂਰਤ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਲਈ ਨਗਰ ਕੌਂਸਲ ਛੇਤੀ ਜਗ੍ਹਾ ਦੇਵੇ ਤਾਂ ਜੋ ਪਾਣੀ ਦੀ ਸਪਲਾਈ ਚਾਲੂ ਕੀਤੀ ਜਾ ਸਕੇ।