ਸਰਬਜੀਤ ਸਾਗਰ
ਦੀਨਾਨਗਰ, 10 ਫਰਵਰੀ
ਹਲਕਾ ਦੀਨਾਨਗਰ ਤੋਂ ਕਾਂਗਰਸ ਦੀ ਉਮੀਦਵਾਰ ਅਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਤਕੜਾ ਹੁਲਾਰਾ ਮਿਲਿਆ ਜਦੋਂ ਪਿੰਡ ਰਸੂਲਪੁਰ ਬੇਟ ਅਤੇ ਦਾਊਵਾਲ ਵਿੱਚ 40 ਪਰਿਵਾਰਾਂ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਿੰਡ ਰਸੂਲਪੁਰ ਬੇਟ ਵਿੱਚ ਟਕਸਾਲੀ ਪਰਿਵਾਰ ਦੀ ਬੇਟੀ ਸੁਪ੍ਰਿਆ ਵਿਰਦੀ ਨੇ ਵੱਡੀ ਹਾਜ਼ਰੀ ’ਚ ਸਟੇਜ ’ਤੇ ਖੜ੍ਹ ਕੇ ਐਲਾਨ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 25 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਦਾ ਆ ਰਿਹਾ ਹੈ ਅਤੇ ਪਿੰਡ ਦੇ ਕੁਝ ਵਿਕਾਸ ਕੰਮ ਉਨ੍ਹਾਂ ਦੇ ਸਵਰਗੀ ਪਿਤਾ ਦਾ ਸੁਪਨਾ ਸਨ ਜੋ ਅਕਾਲੀ ਸਰਕਾਰ ਵੇਲੇ ਪੂਰੇ ਨਾ ਹੋਏ ਪਰ ਉਸਨੂੰ ਮੈਡਮ ਅਰੁਣਾ ਚੌਧਰੀ ਨੇ ਪੂਰਾ ਕਰਵਾ ਕੇ ਪਰਿਵਾਰ ਦਾ ਦਿਲ ਜਿੱਤਿਆ ਹੈ। ਇਸ ਦੌਰਾਨ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਅਕਾਲੀ ਦਲ ’ਚੋਂ ਆਏ ਪਰਿਵਾਰਾਂ ਦਾ ਸਿਰੋਪੇ ਪਾ ਕੇ ਸਵਾਗਤ ਕੀਤਾ। ਅਰੁਣਾ ਚੌਧਰੀ ਨੇ ਕਿਹਾ ਕਿ ਲੋਕਾਂ ਦਾ ਪਿਆਰ ਇਹ ਦਰਸਾਉਂਦਾ ਹੈ ਕਿ ਹਲਕੇ ਦੀ ਜਨਤਾ ਇੱਕ ਵਾਰ ਫਿਰ ਤੋਂ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਮਨ ਬਣਾਈ ਬੈਠੀ ਹੈ। ਇਸ ਮੌਕੇ ਜ਼ੋਨ ਇੰਚਾਰਜ ਭੁਪਿੰਦਰ ਸਿੰਘ ਸੇਖਵਾਂ ਨੇ ਦੱਸਿਆ ਕਿ ਰਸੂਲਪੁਰ ਬੇਟ ਤੋਂ ਅੰਕਿਤ ਵਿਰਦੀ, ਸੁਪ੍ਰਿਆ ਵਿਰਦੀ, ਦਵਿੰਦਰ ਸਿੰਘ, ਬਲਵਿੰਦਰ ਬਿੱਟੂ, ਸੁੱਖਮਣ, ਮਨਕੀਤ ਸਿੰਘ ਵਿਰਦੀ, ਦਰਸ਼ ਸਿੰਘ, ਸੋਮ ਸਿੰਘ, ਚਰਨਜੀਤ ਸਿੰਘ, ਬਲਬੀਰ ਸਿੰਘ ਗੋਲਡੀ, ਹਰਜਿੰਦਰ ਕੌਰ, ਪਰਮਜੀਤ ਕੌਰ, ਗੁਰਦਿਆਲ ਸਿੰਘ, ਤੀਰਥ ਸਿੰਘ ਅਤੇ ਮਹਿੰਦਰ ਸਿੰਘ ਸਮੇਤ ਪਿੰਡ ਦਾਊਵਾਲ ਤੋਂ ਵੱਡੀ ਗਿਣਤੀ ਲੋਕ ਕਾਂਗਰਸ ’ਚ ਸ਼ਾਮਲ ਹੋਏ ਹਨ।