ਪੱਤਰ ਪ੍ਰੇਰਕ
ਪਠਾਨਕੋਟ, 25 ਅਕਤੂਬਰ
ਘਰੋਟਾ-ਦੀਨਾਨਗਰ ਲਿੰਕ ਮਾਰਗ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ, ਜਿਸ ਦੇ ਚੱਲਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਰਗ ਦੀ ਮੁਰੰਮਤ ਨਾ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਇਸ ਲਿੰਕ ਮਾਰਗ ਤੇ ਜਗ੍ਹਾ-ਜਗ੍ਹਾ ਟੋਏ ਪਏ ਹੋਏ ਹਨ ਜੋ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਹ 18 ਫੁੱਟ ਦਾ ਲਿੰਕ ਮਾਰਗ ਖੇਤਰ ਦੇ ਦਰਜਨਾਂ ਪਿੰਡਾਂ ਦੀ ਲਾਈਫ ਲਾਈਨ ਹੈ। ਇਸ ਸੜਕ ’ਤੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦਾ ਹੈ। ਇਹ ਮਾਰਗ ਦੇ ਬਣਨ ਦੇ ਕੁਝ ਸਾਲਾਂ ਵਿੱਚ ਹੀ ਮੁੜ ਟੁੱਟਣਾ ਸ਼ੁਰੂ ਹੋ ਗਿਆ ਸੀ। ਇਸ ਮਾਰਗ ਤੋਂ ਇਲਾਕੇ ਦੇ ਵੱਖ-ਵੱਖ ਹਿੱਸਿਆਂ ਲਈ ਮਿੱਟੀ ਤੇ ਰੇਤ-ਬੱਜਰੀ ਦੇ ਭਾਰੀ ਵਾਹਨ ਲਗਾਤਾਰ ਲੰਘਦੇ ਰਹਿੰਦੇ ਹਨ। ਟ੍ਰੈਫਿਕ ਦੇ ਵਧਦੇ ਬੋਝ ਨਾਲ ਇਸ ਪੂਰੇ ਮਾਰਗ ਤੇ ਟੋਏ ਪੈ ਚੁੱਕੇ ਹਨ। ਬੀਤੇ 7-8 ਮਹੀਨੇ ਪਹਿਲਾਂ ਵਿਭਾਗ ਵੱਲੋਂ ਪੈਚ ਵਰਕ ਕੀਤਾ ਗਿਆ ਸੀ ਜੋ ਰੇਤਾ-ਬੱਜਰੀ ਦੇ ਓਵਰਲੋਡ ਵਾਹਨ ਲੰਘਣ ਨਾਲ ਦੁਬਾਰਾ ਟੁੱਟ ਚੁੱਕਾ ਹੈ। ਪਿੰਡ ਭਵਾਨੀ ਤੋਂ ਘਰੋਟਾ ਮੋੜ ਤੱਕ ਜਗ੍ਹਾ-ਜਗ੍ਹਾ ਪਏ ਟੋਇਆਂ ਕਾਰਨ ਇਸ ਮਾਰਗ ਦੀ ਹਾਲਤ ਬਹੁਤ ਹੀ ਮੰਦੀ ਹੋ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਰਗ ਦੀ ਮੁਰੰਮਤ ਕਰਵਾ ਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ। ਇਸ ਬਾਰੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਆਰਐਸ ਗੋਤਰਾ ਦਾ ਕਹਿਣਾ ਸੀ ਕਿ ਮਾਮਲਾ ਵਿਭਾਗ ਦੇ ਧਿਆਨ ਵਿੱਚ ਹੈ ਤੇ ਮਾਰਗ ਉਪਰ ਪੈਚ ਵਰਕ ਕਰਵਾਉਣ ਦੀ ਯੋਜਨਾ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜੀ ਹੋਈ ਹੈ। ਮਨਜ਼ੂਰੀ ਮਿਲਦੇ ਸਾਰ ਹੀ ਪੈਚ ਵਰਕ ਕਰਵਾ ਦਿੱਤਾ ਜਾਵੇਗਾ।