ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 4 ਮਾਰਚ
ਇੱਥੇ ਵਾਰਡ ਨੰਬਰ 11 ਦੇ ਕੁਝ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਲਈ ਅਜੇ ਤੱਕ ਨਾਲੀਆਂ ਦਾ ਨਿਰਮਾਣ ਹੀ ਨਹੀਂ ਕੀਤਾ ਗਿਆ, ਜਿਸ ਕਾਰਨ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਔਖੀ ਹੋ ਗਈ ਹੈ। ਵਾਰਡ ਨੰਬਰ 11 ਦੇ ਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆ ਲਈ ਉਨ੍ਹਾਂ ਨੂੰ ਆਪਣੇ ਘਰਾਂ ਦਾ ਗੰਦਾ ਪਾਣੀ ਉੱਥੇ ਹੀ ਕਿਸੇ ਦੇ ਖਾਲੀ ਪਲਾਟ ਵਿੱਚ ਪਾਉਣਾ ਮਜਬੂਰੀ ਬਣ ਗਈ ਹੈ ਅਤੇ ਇਸ ਕਾਰਨ ਪਲਾਟ ਛੱਪੜ ਦਾ ਰੂਪ ਧਾਰਨ ਕਰ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਲਾਟ ਵਿੱਚ ਬਣੇ ਛੱਪੜ ਕਾਰਨ ਜਿੱਥੇ ਪਲਾਟ ਮਾਲਕ ਪ੍ਰੇਸ਼ਾਨ ਹੈ, ਉੱਥੇ ਹੀ ਆਸ-ਪਾਸ ਦੇ ਘਰਾਂ ਦੀਆਂ ਨੀਹਾਂ ਨੂੰ ਵੀ ਖ਼ਤਰਾ ਹੋ ਗਿਆ ਹੈ। ਇਸ ਗੰਦੇ ਪਾਣੀ ਕਾਰਨ ਇਲਾਕੇ ਵਿੱਚ ਬਦਬੂ ਫੈਲ ਗਈ ਹੈ ਅਤੇ ਹੁਣ ਬਰਸਾਤ ਦੇ ਦਿਨਾਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣ ਗਿਆ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਨਗਰ ਕੌਂਸਲ ਜੰਡਿਆਲਾ ਗੁਰੂ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਦੇ ਚੁੱਕੇ ਹਨ, ਪਰ ਕੋਈ ਵੀ ਸੁਣਵਾਈ ਨਹੀਂ ਹੋਈ।
ਇਸ ਸਬੰਧੀ ਨਗਰ ਕੌਂਸਲ ਦੇ ਐੱਸਓ ਗਗਨਦੀਪ ਸਿੰਘ ਨੇ ਕਿਹਾ ਨਗਰ ਕੌਂਸਲ ਬਹੁਤ ਜਲਦੀ ਹੀ ਇੱਥੇ ਨਾਲੀਆਂ ਦਾ ਨਿਰਮਾਣ ਕਰਵਾਏਗੀ ਜਿਸ ਨਾਲ ਇਲਾਕਾ ਵਾਸੀਆਂ ਦੀ ਸਮੱਸਿਆ ਜਲਦੀ ਹੀ ਹੱਲ ਹੋ ਜਾਵੇਗੀ। ਇਸ ਮੌਕੇ ਸ਼ਾਮ ਕੁਮਾਰ, ਰਾਜਵਿੰਦਰ ਸਿੰਘ, ਹਰਜੀਤ ਸਿੰਘ, ਸੁਨੀਲ, ਹਰਕ੍ਰਿਸ਼ਨ, ਬਲਦੇਵ ਸਿੰਘ, ਜੱਜ, ਗੁਰਨਾਮ ਸਿੰਘ, ਹੈਰੀ, ਦਿਲਬਾਗ ਸਿੰਘ ਅਤੇ ਹੋਰ ਲੋਕ ਮੌਜੂਦ ਸਨ।