ਦਲਬੀਰ ਸੱਖੋਵਾਲੀਆ
ਬਟਾਲਾ, 22 ਜੁਲਾਈ
ਸਨਅਤੀ ਨਗਰ ਬਟਾਲਾ ’ਚ ਸੀਵਰੇਜ ਦਾ ਕੰਮ ਲੰਘੇ ਡੇਢ ਸਾਲ ਤੋਂ ਧੀਮੀ ਗਤੀ ਨਾਲ ਚੱਲਣ ਕਾਰਨ ਹੁਣ ਬਰਸਾਤੀ ਦਿਨਾਂ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੈ ਰਿਹਾ ਹੈ। ਲੰਘੇ ਦੋ ਦਿਨ ਭਾਰੀ ਮੀਂਹ ਪੈਣ ਕਾਰਨ ਮੁੱਖ ਮਾਰਗ ਬਟਾਲਾ-ਜਲੰਧਰ ਰੋਡ ’ਤੇ ਦਰਜਨਾਂ ਵਾਹਨ ਫਸ ਗਏ। ਕਿਉਂਕਿ ਸੜਕ ਕਿਨਾਰੇ ਸੀਵਰੇਜ ਲਈ ਪੁੱਟੀ ਮਿੱਟੀ ਕਾਰਨ ਜ਼ਮੀਨ ਧੱਸ ਗਈ। ਇਸੇ ਤਰ੍ਹਾਂ ਇੱਥੋਂ ਦੇ ਕਾਂਦੀਆਂ ਰੋਡ ’ਤੇ ਵੀ ਅਨੇਕਾਂ ਛੋਟੇ ਵੱਡੇ ਵਾਹਨ ਫਸ ਗਏ। ਉਧਰ ਸੀਵਰੇਜ ਬੋਰਡ ਦੇ ਐਸਡੀਉ ਗੁਰਦੀਪ ਸਿੰਘ ਅਰੋੜਾ ਨੇ ਦੱਸਿਆ ਕਿ ਆਉਂਦੇ ਦਸ ਦਿਨਾਂ ਵਿੱਚ ਕਾਂਦੀਆਂ ਚੁੰਗੀ ਤੋਂ ਉਮਰਪੁਰਾ ਤੱਕ ਸੀਵਰੇਜ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਲੋਕ ਨਿਰਮਾਣ ਐਕਸੀਅਨ ਹਰਜੋਤ ਸਿੰਘ ਨੇ ਦੱਸਿਆ ਕਿ ਬਟਾਲਾ- ਕਾਂਦੀਆਂ ਸੜਕ ਆਉਂਦੇ ਕੁਝ ਦਿਨਾਂ ਵਿੱਚ ਤਿਆਰ ਹੋ ਜਾਵੇਗੀ। ਇੱਥੋਂ ਦੀਆਂ ਸੜਕਾਂ,ਗ਼ਲੀਆਂ ’ਤੇ ਪੈਦਲ ਚੱਲਣਾ ਮੁਸ਼ਕਲ ਹੋ ਰਿਹਾ ਹੈ। ਕੇਂਦਰ ਸਰਕਾਰ ਦੇ ਅੰਮਰੁਤ ਯੋਜਨਾ ਤਹਤਿ ਬਟਾਲਾ ’ਚ ਸੀਵਰੇਜ ਦਾ ਕੰਮ ਲੰਘੇ ਡੇਢ ਸਾਲ ਤੋਂ ਬਹੁਤ ਧੀਮੀ ਗਤੀ ਨਾਲ ਚੱਲ ਰਿਹਾ ਹੈ। ਮਿੱਟੀ ਧੱਸਣ ਕਾਰਨ ਬਟਾਲਾ ਜਲੰਧਰ ਅਤੇ ਕਾਦੀਆਂ ਰੋਡ ’ਤੇ ਵਾਹਨਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ। ਮੀਂਹ ਕਾਰਨ ਵਾਹਨ ਫਸ ਰਹੇ ਹਨ। ਸੀਵਰੇਜ ਬੋਰਡ ਦੇ ਅਧਿਕਾਰੀ ਪੰਕਜ ਜੈਨ ਨਾਲ ਸੰਪਰਕ ਕਰਨ ਦਾ ਯਤਨ ਕੀਤਾ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।