ਪੱਤਰ ਪ੍ਰੇਰਕ
ਪਠਾਨਕੋਟ, 27 ਅਕਤੂਬਰ
ਲਮੀਨੀ ਦੇ ਵਾਰਡ ਨੰਬਰ-6 ਵਿੱਚ ਸਥਿਤ ਗੰਦੇ ਨਾਲੇ ਦੀ ਨਿਕਾਸੀ ਨਾ ਹੋਣ ਕਾਰਨ ਸਥਾਨਕ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਗੰਦੇ ਨਾਲੇ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ। ਲੋਕਾਂ ਦਾ ਕਹਿਣਾ ਸੀ ਕਿ ਇਸ ਗੰਦੇ ਨਾਲੇ ਦੀ ਸਫ਼ਾਈ ਨਾ ਹੋਣ ਕਰਕੇ ਸਭ ਤੋਂ ਵੱਧ ਡੇਂਗੂ ਦੇ ਕੇਸ ਇਸ ਖੇਤਰ ਵਿੱਚੋਂ ਆ ਰਹੇ ਹਨ।
ਸਥਾਨਕ ਮੁਹੱਲਾ ਵਾਸੀ ਸ਼ੇਖਰ ਠਾਕੁਰ, ਜਤਿੰਦਰ, ਦੀਪਿਕਾ, ਜੀਵਨ ਜੋਤੀ, ਪੰਮੀ, ਸਟੀਫਨ, ਮਨਜੀਤ ਕੌਰ ਆਦਿ ਨੇ ਦੱਸਿਆ ਕਿ ਕਿਸੇ ਸਮੇਂ ਇਹ ਗੰਦਾ ਨਾਲਾ 22 ਫੁੱਟ ਚੌੜਾ ਹੁੰਦਾ ਸੀ, ਜੋ ਹੁਣ ਘੱਟ ਕੇ 4 ਫੁੱਟ ਤੱਕ ਰਹਿ ਗਿਆ ਹੈ ਤੇ ਗੰਦੇ ਪਾਣੀ ਦੀ ਮਾਤਰਾ ਪਹਿਲਾਂ ਨਾਲੋਂ ਕਈ ਗੁਣਾ ਵਧ ਗਈ ਹੈ। ਗੰਦਾ ਨਾਲੇ ਦਾ ਪਾਣੀ ਆਲੇ-ਦੁਆਲੇ ਜ਼ਮੀਨਾਂ ਵਿੱਚ ਇੱਕ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਮੱਛਰ ਦੇ ਲਾਰਵੇ ਦੇ ਨਾਂ ’ਤੇ ਮੁਹੱਲਾ ਵਾਸੀਆਂ ਖ਼ਿਲਾਫ਼ ਕਾਰਵਾਈ ਕਰਕੇ ਚਲਾਨ ਕੱਟ ਰਿਹਾ ਹੈ ਪਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਨਹੀਂ ਕਰਵਾਈ ਜਾ ਰਹੀ।
ਲੋਕਾਂ ਵੱਲੋ ਨਾਲੇ ਸਬੰਧੀ ਸ਼ਿਕਾਇਤ ਮਿਲਣ ਬਾਅਦ ਨਿਗਮ ਅਧਿਕਾਰੀ ਡਾ. ਐੱਨਕੇ ਸਿੰਘ ਵੱਲੋਂ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦੇ ਕੇ ਜਾਣੂ ਕਰਵਾਇਆ ਜਾਵੇਗਾ ਅਤੇ ਉਸ ਦੇ ਬਾਅਦ ਜੋ ਆਦੇਸ਼ ਹੋਣਗੇ ਬਣਦੀ ਕਾਰਵਾਈ ਕੀਤੀ ਜਾਵੇਗੀ।