ਪੱਤਰ ਪ੍ਰੇਰਕ
ਪਠਾਨਕੋਟ, 7 ਫਰਵਰੀ
ਕਸਬਾ ਘਰੋਟਾ ਵਿੱਚ ਕੂੜਾ-ਕਰਕਟ ਦੇ ਜਗ੍ਹਾ-ਜਗ੍ਹਾ ਲੱਗੇ ਢੇਰਾਂ ਤੋਂ ਆਮ ਲੋਕ ਬਹੁਤ ਪ੍ਰੇਸ਼ਾਨ ਹਨ। ਕੂੜਾ-ਕਰਕਟ ਦੇ ਲੱਗੇ ਇਹ ਢੇਰ ਸਵੱਛ ਭਾਰਤ ਮੁਹਿੰਮ ਦੀ ਵੀ ਫੂਕ ਕੱਢ ਰਹੇ ਹਨ। ਕਸਬਾ ਵਾਸੀ ਲਵਲੀ, ਰਾਮ ਮੂਰਤੀ, ਅਸ਼ੋਕ, ਸੋਹਲ, ਸੁਮਿਤ ਆਦਿ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਬੀਡੀਪੀਓ ਦਫਤਰ ਵਲੋਂ ਜਾਂਦੀ ਸੜਕ ’ਤੇ ਖੁੱਲ੍ਹੇ ਵਿੱਚ ਕੂੜੇ ਢੇਰ ਪਏ ਮਿਲਦੇ ਸਨ। ਫਿਰ ਕਸਬੇ ਦੇ ਪਿਛਲੇ ਪਾਸੇ ਵੀ ਇਸੇ ਤਰ੍ਹਾਂ ਢੇਰ ਲੱਗੇ ਹੋਏ ਹਨ। ਅਵਾਰਾ ਪਸ਼ੂ ਇੰਨ੍ਹਾਂ ਢੇਰਾਂ ਵਿੱਚੋਂ ਆਪਣਾ ਭੋਜਨ ਤਲਾਸ਼ਦੇ ਨਜ਼ਰ ਆ ਜਾਂਦੇ ਹਨ। ਜੋ ਮਨੁੱਖੀ ਜੀਵਨ ਦੇ ਨਾਲ-ਨਾਲ ਪਸ਼ੂ-ਪੰਛੀਆਂ ਲਈ ਵੀ ਖਤਰਾ ਬਣਦੇ ਜਾ ਰਹੇ ਹਨ। ਕਸਬਾ ਵਾਸੀਆਂ ਨੇ ਮੰਗ ਕੀਤੀ ਕਿ ਕਿਸੇ ਵੀ ਭਿਆਨਕ ਬਿਮਾਰੀ ਦੇ ਫੈਲਣ ਤੋਂ ਪਹਿਲਾਂ ਇਨ੍ਹਾਂ ਢੇਰਾਂ ਦੀ ਸਫਾਈ ਕਰਵਾਈ ਜਾਵੇ।