ਪੱਤਰ ਪ੍ਰੇਰਕ
ਪਠਾਨਕੋਟ, 6 ਜੁਲਾਈ
ਪਾਵਰਕੌਮ ਦੀ ਪੈਨਸ਼ਨਰਜ਼ ਐਸੋਸੀਏਸ਼ਨ ਨੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਇਥੇ ਮੰਗਾਂ ਨੂੰ ਲੈ ਕੇ ਹੰਸ ਰਾਜ ਸਿੰਘ ਦੀ ਅਗਵਾਈ ਵਿੱਚ ਰੈਲੀ ਕੀਤੀ। ਇਸ ਰੈਲੀ ਵਿੱਚ ਸਟੇਟ ਕਮੇਟੀ ਵੱਲੋਂ ਬਿਕਰਮਜੀਤ ਉਪ-ਪ੍ਰਧਾਨ ਪੰਜਾਬ ਸ਼ਾਮਲ ਹੋਏ। ਇਸ ਰੈਲੀ ਨੂੰ ਤੇਜਵੀਰ ਸਿੰਘ ਜਮਵਾਲ, ਰਣਬੀਰ ਸਿੰਘ, ਕੁੰਦਨ ਸਿੰਘ, ਵਿਜੇ ਸ਼ਰਮਾ, ਦੇਸ ਰਾਜ ਅਤੇ ਅਜੀਤ ਰਾਮ ਬਿਜਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਮੁੱਖ ਬੁਲਾਰੇ ਬਿਕਰਮਜੀਤ ਨੇ ਕਿਹਾ ਕਿ 25 ਮਈ ਨੂੰ ਪਾਵਰਕੌਮ ਦੇ ਪ੍ਰਬੰਧਕਾਂ ਨਾਲ ਮੰਗ ਪੱਤਰ ਉਪਰ ਜੋ ਮੀਟਿੰਗ ਹੋਈ ਸੀ, ਉਸ ਵਿੱਚ ਜੋ ਸਹਿਮਤੀਆਂ ਬਣੀਆਂ ਸਨ, ਉਨ੍ਹਾਂ ਵਿੱਚੋਂ ਕਿਸੇ ਵੀ ਮੰਗ ਦਾ ਪਾਵਰਕੌਮ ਦੇ ਪ੍ਰਬੰਧਕਾਂ ਨੇ ਅਜੇ ਤੱਕ ਨਿਪਟਾਰਾ ਨਹੀਂ ਕੀਤਾ। ਜਿਸ ਕਰਕੇ ਪਾਵਰਕੌਮ ਦੀ ਮੈਨੇਜਮੈਂਟ ਖ਼ਿਲਾਫ਼ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪੈਨਸਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਪਾਵਰਕੌਮ ਦੇ ਮੁੱਖ ਦਫਤਰ ਪਟਿਆਲਾ ਵਿੱਚ 13 ਜੁਲਾਈ ਨੂੰ ਰੈਲੀ ਕੀਤੀ ਜਾਵੇਗੀ ਅਤੇ ਅਗਲੇ ਸੰਘਰਸ਼ ਦਾ ਐਲਾਨ ਉਸੇ ਮੌਕੇ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਮੁਲਾਜ਼ਮਾਂ ਨੂੰ 2.59 ਗੁਣਾਂਕ ਨਾਲ ਪੈਨਸ਼ਨ ਦਿੱਤੀ ਜਾਵੇ ਅਤੇ ਜਨਵਰੀ 2016 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਦਿੱਤੀ ਹੋਈ ਆਪਸ਼ਨ ਦੇ ਆਧਾਰ ’ਤੇ ਪੈਨਸ਼ਨ ਜਾਰੀ ਕੀਤੀ ਜਾਵੇ, ਬਿਜਲੀ ਦੇ ਯੂਨਿਟਾਂ ਦੀ ਰਿਆਇਤ ਦਿੱਤੀ ਜਾਵੇ, ਕੈਸ਼ਲੈਸ ਮੈਡੀਕਲ ਸਕੀਮ ਮੁੜ ਜਾਰੀ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ 1 ਜੁਲਾਈ 2021 ਅਤੇ 1 ਜਨਵਰੀ 2022 ਤੋਂ ਜਾਰੀ ਕੀਤੀਆਂ ਜਾਣ, ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ 1 ਜਨਵਰੀ 2016 ਤੋਂ ਜੂਨ 2021 ਤੱਕ ਫੌਰੀ ਜਾਰੀ ਕੀਤਾ ਜਾਵੇ ਅਤੇ ਪੈਨਸ਼ਨਰਾਂ ਦੇ ਬੱਚਿਆਂ ਨੂੰ ਨਵੀਂ ਭਰਤੀ ਵਿੱਚ ਕੋਟਾ ਨਿਸ਼ਚਿਤ ਕੀਤਾ ਜਾਵੇ।
ਪੰਜਾਬ ਪੈਨਸ਼ਨਰਜ਼ ਫਰੰਟ ਨੇ ਮੰਗਾਂ ਲਈ ਦਿੱਤਾ ਮੰਗ ਪੱਤਰ
ਅੰਮ੍ਰਿਤਸਰ (ਪੱਤਰ ਪ੍ਰੇਰਕ) ਪੰਜਾਬ ਪੈਨਸ਼ਨਰਜ਼ ਫਰੰਟ, ਜ਼ਿਲ੍ਹਾ ਅੰਮ੍ਰਿਤਸਰ ਨੇ ਆਪਣੀਆਂ ਮੰਗਾਂ ਦੇ ਨਿਪਟਾਰੇ ਸਬੰਧੀ ਅੱਜ ਇੱਥੇ ਏ ਡੀ ਸੀ ਨੂੰ ਮੰਗ ਪੱਤਰ ਦਿੱਤਾ। ਮੰਗ ਪੱਤਰ ਦੇਣ ਤੋਂ ਪਹਿਲਾਂ ਪੈਨਸ਼ਨਰਾਂ ਨੇ ਰੈਲੀ ਕੀਤੀ ਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਕੀਤੇ ਵਾਅਦੇ ਤੁਰੰਤ ਪੂਰੇ ਕਰੇ। ਫਰੰਟ ਦੇ ਜਨਰਲ ਸਕੱਤਰ ਇੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਰਕਾਰ ਆਪਣੇ ਝੂਠੇ ਵਾਅਦਿਆਂ ਕਾਰਨ ਹੋਂਦ ਵਿੱਚ ਆਈ ਸੀ ਪਰ ਤਿੰਨ ਮਹੀਨਿਆਂ ਬਾਅਦ ਹੀ ਇਸ ਦਾ ਲੋਕ, ਮੁਲਾਜ਼ਮ ਅਤੇ ਪੈਨਸ਼ਨਰਾਂ ਵਿਰੋਧੀ ਚਿਹਰਾ ਨੰਗਾ ਹੋ ਗਿਆ। ਉਨ੍ਹਾਂ ਮੰਗ ਕੀਤੀ ਕਿ 1 ਜਨਵਰੀ 2016 ਤੋਂ ਪਹਿਲਾਂ ਸੇਵਾ-ਮੁਕਤ ਹੋਏ ਪੈਨਸ਼ਨਰਾਂ ’ਤੇ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ, 1 ਜਨਵਰੀ ਤੋਂ ਤਨਖ਼ਾਹ ਕਮਿਸ਼ਨ ਦਾ ਬਣਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਮਹਿੰਗਾਈ ਭੱਤੇ ਦੀਆਂ ਰਹਿੰਦੀਆਂ 1 ਜੁਲਾਈ, 2021 ਦੀ 3 ਫ਼ੀਸਦ ਅਤੇ 1 ਜਨਵਰੀ 2022 ਦੀ ਰਹਿੰਦੀ 3 ਫ਼ੀਸਦ ਕਿਸ਼ਤਾਂ ਜਾਰੀ ਕੀਤੀਆਂ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਹੇਠ, ਸਕੱਤਰ ਹਰਪਾਲ ਸਿੰਘ ਨਾਗਰਾ ਆਦਿ ਤੋਂ ਇਲਾਵਾ ਹੋਰਾਂ ਨੇ ਵੀ ਸੰਬੋਧਨ ਕੀਤਾ।