ਪੱਤਰ ਪ੍ਰੇਰਕ
ਚੇਤਨਪੁਰਾ, 10 ਜੁਲਾਈ
ਪੰਜਾਬ ਸਟੇਟ ਪੈਨਸ਼ਨਰਜ਼ ਤੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੇਠ ਹੋਈ। ਸਾਥੀ ਮਦਨ ਲਾਲ ਮੰਨਣ ਜਨ. ਸਕੱਤਰ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਤੇ ਕਾਰਵਾਈ ਚਲਾਈ। ਵਿੱਤ ਸਕੱਤਰ ਯਸ਼ਦੇਵ ਡੋਗਰਾ ਨੇ ਵਿੱਤ ਰਿਪੋਰਟ ਪੇਸ਼ ਕੀਤੀ। ਪ੍ਰੈੱਸ ਸਕੱਤਰ ਸੁਖਦੇਵ ਰਾਜ ਕਾਲੀਆ ਨੇ ਪ੍ਰੈੱਸ ਨੂੰ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਦੱਸਿਆ ਕਿ ਮੀਟਿੰਗ ਮਗਰੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਜਦੋਂਕਿ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਦੀ ਨਵੀਂ ਸਰਕਾਰ ਨੇ ਜੋ ਬਜਟ 27 ਜੂਨ 2022 ਨੂੰ ਪੇਸ਼ ਕੀਤਾ, ਨੂੰ ਜਨਤਾ ਦਾ ਬਜਟ ਕਿਹਾ ਗਿਆ ਹੈ, ਉਹ ਬਜਟ ਪਿਛਲੀਆਂ ਸਰਕਾਰਾਂ ਨਾਲੋਂ ਕੋਈ ਵੱਖਰਾ ਨਹੀਂ ਹੈ। ਜੋ ਵਾਅਦੇ ਚੋਣਾਂ ’ਚ ਕੀਤੇ ਸਨ, ਉਨ੍ਹਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ ਸਗੋਂ ਹੱਕੀ ਮੰਗਾਂ ਮੰਨਣ ਲਈ ਸੰਘਰਸ਼ ਕਰਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਤੇ ਪੁਲੀਸ ਵੱਲੋਂ ਤਸ਼ੱਦਦ ਕਰਨ ’ਤੇ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵਾਂਗ ‘ਆਪ’ ਸਰਕਾਰ ਨੇ ਵੀ ਪੰਜਾਬ ਦੇ ਪੈਨਸ਼ਨਰਜ਼ ਨੂੰ ਲਾਰੇ ਲੱਪੇ ’ਚ ਰੱਖਿਆ, ਪੈਨਸ਼ਨਰਾਂ ਵਾਸਤੇ ਕੁਝ ਵੀ ਨਾ ਦੇਣ ’ਤੇ ਪੰਜਾਬ ਪੈਨਸ਼ਨਰਜ਼ ਕਨਫੈਡਰੇਸ਼ਨ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੇ ਕਮਿਸ਼ਨ ਦੀ ਰਿਪੋਰਟ ਅਨੁਸਾਰ ਨੈਸ਼ਨਲ ਆਧਾਰ ’ਤੇ ਪੈਨਸ਼ਨ ਸੋਧੀ ਜਾਵੇ, ਫਿਕਸ ਮੈਡੀਕਲ ਭੱਤਾ 2500 ਰੁਪਏ ਕੀਤਾ ਜਾਵੇ, ਪੇ-ਕਮਿਸ਼ਨ ’ਤੇ 2.59 ਦਾ ਗੁੁਣਾਂਕ ਲਾਗੂ ਕਰਨਾ, 1/1/16 ਤੋਂ 30/06/2021 ਤੱਕ ਦਾ ਬਕਾਇਆ ਯਕਮੁੁਸ਼ਤ ਜਾਰੀ ਕਰਨਾ, ਕੈਸ਼ਲੈੱਸ ਸਕੀਮ ਨੂੰ ਲਾਗੂ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨੀ ਤੇ ਡੀਏ ਦੀਆਂ ਦੋ ਕਿਸ਼ਤਾਂ 6% , ਬਕਾਏ ਸਣੇ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨ ਨਾ ਦੇਣ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਚੇਅਰਮੈਨ ਹਰਬੰਸ ਸਿੰਘ ਗੋਲ, ਪ੍ਰਿੰਸੀਪਲ ਬਲਦੇਵ ਸਿੰਘ ਸੰਧੂ, ਕਰਤਾਰ ਸਿੰਘ ਐਮਏ, ਬ੍ਰਹਮਦੇਵ, ਗੁਰਬਚਨ ਸਿੰਘ, ਗੁਲਸ਼ਨ ਕੁਮਾਰ, ਅਰਜਨ ਸਿੰਘ ਭੱਟੀ, ਜੋਧ ਸਿੰਘ, ਬਲਕਾਰ ਨਈਅਰ, ਗੁਰਦੀਪ ਸਿੰਘ ਕੋਟਲੀ, ਪਿਆਰਾ ਲਾਲ ਭਗਤ, ਸਰਬਜੀਤ ਸਿੰਘ ਸੰਧੂ, ਬਾਬਾ ਗੁਰਮੇਜ ਸਿੰਘ, ਗਿਆਨੀ ਮੋਹਨ ਸਿੰਘ,ਪ੍ਰਿੰਸੀਪਲ ਸੋਹਨ ਲਾਲ ਆਦਿ ਹਾਜ਼ਰ ਸਨ।