ਪੱਤਰ ਪ੍ਰੇਰਕ
ਦੀਨਾਨਗਰ, 12 ਜੁਲਾਈ
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀਨਾਨਗਰ ਦੀ ਇਕੱਤਰਤਾ ਦੌਰਾਨ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਅਤੇ ਭਖ਼ਦੇ ਮਸਲਿਆਂ ’ਤੇ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਸਰਕਾਰ ਦੀ ਬੇਰੁਖ਼ੀ ਪ੍ਰਤੀ ਨਿਰਾਸ਼ਾ ਵੀ ਪ੍ਰਗਟਾਈ ਗਈ। ਇਕੱਤਰਤਾ ਜ਼ਿਲ੍ਹਾ ਪ੍ਰਧਾਨ ਜਵੰਦ ਸਿੰਘ, ਸੁਰੇਸ਼ ਕੁਮਾਰ, ਆਗਿਆ ਰਾਮ, ਜੋਗਿੰਦਰ ਪਾਲ ਸੈਣੀ, ਮਹਿੰਦਰ ਪਾਲ, ਜਨਕ ਰਾਜ ਗੁਪਤਾ ਅਤੇ ਰਘੁਨਾਥ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਮੰਗਤ ਚੰਚਲ ਨੇ ਸਮੂਹ ਮੈਂਬਰਾਂ ਨੂੰ ਜੀ ਆਇਆਂ ਆਖਿਆ। ਇਸ ਦੌਰਾਨ ਪਿਛਲੇ ਸਮੇਂ ਦੌਰਾਨ ਸਵਰਗਵਾਸ ਹੋਏ ਸਾਥੀਆਂ ਨੂੰ ਦੋ ਮਿੰਟ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਜ਼ਿਲ੍ਹਾ ਵਿੱਤ ਸਕੱਤਰ ਸੁਰੇਸ਼ ਸ਼ਰਮਾ ਨੇ ਕਿਹਾ ਕਿ ਪੈਨਸ਼ਨਰਾਂ ਦੀ 2.59 ਦੇ ਗੁਣਾਂਕ ਤੇ ਨੋਸ਼ਨਲ ਫਿਕਸੇਸ਼ਨ ਦੇ ਮਸਲੇ ਅਜੇ ਤੱਕ ਲਟਕ ਰਹੇ ਹਨ ਅਤੇ ਸਰਕਾਰ ਨੇ ਡੀਏ ਦੀਆਂ ਕਿਸ਼ਤਾਂ ’ਤੇ ਵੀ ਚੁੱਪ ਧਾਰੀ ਹੋਈ ਹੈ। ਅਸ਼ੋਕ ਕੁਮਾਰ ਨੇ ਇਨਕਮ ਟੈਕਸ ਰਿਟਰਨ ਭਰਨ ਨੂੰ ਜ਼ਰੂਰੀ ਦੱਸਦਿਆਂ ਹੋਰ ਕਈ ਨੁਕਤਿਆਂ ’ਤੇ ਚਾਨਣਾ ਪਾਇਆ । ਜ਼ਿਲ੍ਹਾ ਪ੍ਰਧਾਨ ਜਵੰਦ ਸਿੰਘ ਨੇ ਸਰਕਾਰ ਕੋਲੋਂ ਮਸਲੇ ਹੱਲ ਕਰਨ ਦੀ ਆਸ ਜਤਾਈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪੈਨਸ਼ਨਰਾਂ ਨੂੰ ਵੱਡੀ ਲੜਾਈ ਲੜਣ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ। ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਜੋਗਿੰਦਰ ਪਾਲ ਸੈਣੀ ਤੇ ਸਰਪ੍ਰਸਤ ਆਗਿਆ ਰਾਮ ਨੇ ਆਪਣੇ ਵਿਚਾਰ ਪੇਸ਼ ਕੀਤੇ।