ਪੱਤਰ ਪ੍ਰੇਰਕ
ਕਾਹਨੂੰਵਾਨ, 3 ਨਵੰਬਰ
ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਸਠਿਆਲੀ ਦੇ ਜਾਗਰੂਕ ਨਾਗਰਿਕ ਵੱਲੋਂ ਸੂਚਨਾ ਅਧਿਕਾਰ ਅਧੀਨ ਜਾਣਕਾਰੀ ਨਾ ਦੇਣ ਉੱਤੇ ਬਲਾਕ ਵਿਕਾਸ ਅਫ਼ਸਰ ਕਾਹਨੂੰਵਾਨ ਤੋਂ 10 ਹਜ਼ਾਰ ਰੁਪਏ ਵਸੂਲੇ। ਇਹ ਜਾਣਕਾਰੀ ਦਿੰਦਿਆਂ ਸਠਿਆਲੀ ਵਾਸੀ ਬਲਦੇਵ ਸਿੰਘ ਨੇ ਕਿਹਾ ਕਿ ਉਸ ਵੱਲੋਂ ਸੂਚਨਾ ਅਧਿਕਾਰ ਐਕਟ ਤਹਿਤ ਪਿੰਡ ਵਿੱਚ ਹੋਏ ਵਿਕਾਸ ਕਾਰਜ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਬੀਡੀਪੀਓ ਕਾਹਨੂੰਵਾਨ ਸੁਖਜਿੰਦਰ ਸਿੰਘ ਵੜੈਚ ਤੋਂ ਸੂਚਨਾ ਮੰਗੀ ਸੀ ਪਰ ਉਸ ਵੱਲੋਂ ਇਹ ਸੂਚਨਾ ਮੁਹੱਈਆ ਨਹੀਂ ਕਰਵਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਸੂਚਨਾ ਅਫ਼ਸਰ ਗੁਰਦਾਸਪੁਰ ਅਤੇ ਫਿਰ ਪੰਜਾਬ ਸਟੇਟ ਇਨਫਰਮੇਸ਼ਨ ਕਮਿਸ਼ਨਰ ਚੰਡੀਗੜ੍ਹ ਨੂੰ ਲਿਖਤੀ ਸ਼ਿਕਾਇਤ ਕੀਤੀ। ਇਸ ਉੱਤੇ ਕਾਰਵਾਈ ਕਰਦਿਆਂ ਮੁੱਖ ਸੂਚਨਾ ਅਧਿਕਾਰੀ ਸੁਰੇਸ਼ ਅਰੋੜਾ ਨੇ ਬਲਾਕ ਅਫ਼ਸਰ ਕਾਹਨੂੰਵਾਨ ਨੂੰ ਲੋੜੀਂਦੇ ਰਿਕਾਰਡ ਸਮੇਤ ਚੰਡੀਗੜ੍ਹ ਦਫ਼ਤਰ ਪਹੁੰਚਣ ਲਈ ਹਦਾਇਤ ਕੀਤੀ ਪਰ ਬਲਾਕ ਅਫ਼ਸਰ ਕਾਹਨੂੰਵਾਨ ਉੱਥੇ ਵੀ ਹਾਜ਼ਰ ਨਹੀਂ ਹੋਇਆ। ਮਗਰੋਂ ਮੁੱਖ ਸੂਚਨਾ ਅਧਿਕਾਰੀ ਚੰਡੀਗੜ੍ਹ ਵੱਲੋਂ ਬਲਾਕ ਅਫ਼ਸਰ ਨੂੰ 10 ਹਜ਼ਾਰ ਰੁਪਏ ਅਰਜ਼ੀ ਕਰਤਾ ਨੂੰ ਹਰਜਾਨੇ ਵਜੋਂ ਦੇਣ ਦਾ ਹੁਕਮ ਸੁਣਾਇਆ ਗਿਆ। ਉਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਬੀਡੀਪੀਓ ਸੁਖਜਿੰਦਰ ਸਿੰਘ ਨੇ 10 ਹਾਜ਼ਰ ਰੁਪਏ ਦਾ ਡਰਾਫ਼ਟ ਅੱਜ ਸ਼ਿਕਾਇਤਕਰਤਾ ਬਲਦੇਵ ਸਿੰਘ ਨੂੰ ਸੌਂਪ ਦਿੱਤਾ। ਬਲਦੇਵ ਸਿੰਘ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਬੰਧਤ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਲਾਕ ਅਫ਼ਸਰ ਕਾਹਨੂੰਵਾਨ ਉੱਤੇ ਯੋਗ ਵਿਭਾਗੀ ਕਾਰਵਾਈ ਕੀਤੀ ਜਾਵੇ।