ਪੱਤਰ ਪ੍ਰੇਰਕ
ਪਠਾਨਕੋਟ, 28 ਜੁਲਾਈ
ਸ਼ਹਿਰ ਵਿੱਚੋਂ ਰੋਜ਼ਾਨਾ ਨਿਕਲਣ ਵਾਲੇ 60 ਟਨ ਕੂੜਾ-ਕਰਕਟ ਨੂੰ ਸਮੇਟਣ ਦੇ ਸਥਾਈ ਹੱਲ ਉੱਪਰ ਨਗਰ ਨਿਗਮ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਡੇਹਰੀਵਾਲ ਸਥਿਤ ਡੰਪਿੰਗ ਸਥਾਨ ਵਿੱਚ ਇਕੱਠਾ ਹੋਣ ਵਾਲੇ ਕੂੜਾ-ਕਰਕਟ ਨੂੰ ਰੀਸਾਈਕਲ ਕਰਨ ਲਈ ਲਗਾਈ ਗਈ ਸੈਪੇਰੇਟਰ ਮਸ਼ੀਨ ਸ਼ੁਰੂ ਹੋ ਗਈ ਹੈ ਜਦ ਕਿ ਸਰਨਾ ਵਿੱਚ ਬਣਾਏ ਗਏ ਐੱਮਆਰਐੱਫ (ਮਟੀਰੀਅਲ ਰਿਕਵਰੀ ਫੈਸਿਲਿਟੀ) ਵਿੱਚ ਲਗਾਈ ਗਈ ਬੇਲਿਗ ਮਸ਼ੀਨ 2 ਦਿਨ ਬਾਅਦ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਇਸ ਨਾਲ ਇੱਥੇ ਕੂੜੇ ਦੇ ਸਮੇਟਣ ਦਾ ਸਥਾਈ ਹੱਲ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੇਲਿਗ ਮਸ਼ੀਨ ਸ਼ੁਰੂ ਹੋਣ ਬਾਅਦ ਖਾਦ ਤਿਆਰ ਕਰਨ ਦੇ ਕੰਮ ਵਿੱਚ ਤੇਜ਼ੀ ਆਵੇਗੀ। ਇਸ ਨੂੰ ਵੇਚ ਕੇ ਨਗਰ ਨਿਗਮ ਆਪਣੀ ਆਮਦਨ ਦਾ ਇੱਕ ਹੋਰ ਸਰੋਤ ਬਣਾ ਲਵੇਗਾ।
ਨਗਰ ਨਿਗਮ ਵੱਲੋਂ ਹੁਣ ਤੱਕ ਪਠਾਨਕੋਟ ਸ਼ਹਿਰ ਦੇ 50 ਵਾਰਡਾਂ ਵਿੱਚ ਵੱਖ-ਵੱਖ ਸਥਾਨਾਂ ’ਤੇ 170 ਵਰਮੀ ਕੰਪੋਸਟ ਪਿਟਸ ਬਣਾਏ ਹੋਏ ਹਨ। ਇਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਪਿਟਸ ਖਾਲੀ ਪਏ ਹਨ ਜਦ ਕਿ ਬਾਕੀਆਂ ਵਿੱਚ ਰੋਜ਼ਾਨਾ ਖਾਦ ਤਿਆਰ ਕੀਤੀ ਜਾ ਰਹੀ ਹੈ। ਇਸ ਤਰੀਕੇ ਨਾਲ ਖਾਦ ਤਿਆਰ ਹੋਣ ਵਿੱਚ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਲੱਗ ਜਾਂਦਾ ਹੈ ਜਦ ਕਿ ਹੁਣ ਵਾਲੇ ਮਕੈਨੀਕਲ ਤਰੀਕੇ ਨਾਲ 10-12 ਦਿਨ ਵਿੱਚ ਹੀ ਖਾਦ ਤਿਆਰ ਹੋ ਜਾਵੇਗੀ।
ਨਗਰ ਨਿਗਮ ਵੱਲੋਂ ਕੂੜੇ ਨੂੰ ਸਮੇਟਣ ਲਈ ਸ਼ਹਿਰ ਅੰਦਰ 7 ਨਵੇਂ ਐੱਮਆਰਐੱਫ (ਮਟੀਰੀਅਲ ਰਿਕਵਰੀ ਫੈਸੀਲਿਟੀ) ਬਣਾਏ ਜਾਣੇ ਹਨ। ਇਨ੍ਹਾਂ ਵਿੱਚੋਂ ਇੱਕ ਸਰਨਾ ਵਿੱਚ ਬਣਾਇਆ ਗਿਆ ਐੱਮਆਰਐੱਫ ਯੂਨਿਟ ਅਗਲੇ 2-3 ਦਿਨਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਬਾਕੀ 6 ਸਾਈਟਾਂ ਵੀ ਐੱਮਆਰਐੱਫ ਯੂਨਿਟ ਲਗਾਉਣ ਲਈ ਲੱਗਭੱਗ ਫਾਈਨਲ ਕੀਤੀਆਂ ਜਾ ਚੁੱਕੀਆਂ ਹਨ।। ਨਿਗਮ ਦੇ ਮੈਡੀਕਲ ਅਫਸਰ ਡਾ. ਐਨਕੇ ਸਿੰਘ ਨੇ ਪੁੱਛਣ ’ਤੇ ਇਸ ਦੀ ਪੁਸ਼ਟੀ ਕੀਤੀ।