ਐੱਨਪੀ ਧਵਨ
ਪਠਾਨਕੋਟ, 8 ਸਤੰਬਰ
ਚੱਕੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਕਾਰਨ ਪਠਾਨਕੋਟ ਦੇ ਮੁਹੱਲਾ ਬੇਦੀ ਬੱਜਰੀ ਕੰਪਨੀ ਵਿੱਚ ਖੋਰਾ ਲੱਗਣ ਕਾਰਨ ਭੂਮੀ ਕਟਾਅ ਹੋਣ ਕਰਕੇ ਉੱਥੇ ਰਹਿ ਰਹੀ ਆਬਾਦੀ ਖਤਰੇ ਹੇਠ ਹੈ। ਇਸ ’ਤੇ ਇਲਾਕਾ ਵਾਸੀਆਂ ਨੇ ਹੜ੍ਹਾਂ ਦੀ ਰੋਕਥਾਮ ਲਈ ਸਾਬਕਾ ਕੌਂਸਲਰ ਯੋਗੇਸ਼ ਠਾਕੁਰ ਦੇ ਅਗਵਾਈ ਵਿੱਚ ਪਠਾਨਕੋਟ-ਡਲਹੌਜ਼ੀ ਰੋਡ ’ਤੇ ਜਾਮ ਲਗਾ ਕੇ ਧਰਨਾ ਦਿੱਤਾ। ਧਰਨੇ ਵਿੱਚ ਸਾਬਕਾ ਨਗਰ ਕੌਂਸਲਰ ਅਮਿਤ ਡੋਗਰਾ, ਜਗਦੀਸ਼ ਰਾਜ, ਰਾਜ ਰਾਣੀ, ਲਕਸ਼ਮੀ, ਕਵਿਤਾ ਦੇਵੀ, ਸੀਮਾ ਦੇਵੀ ਤੇ ਸੁਨੀਤਾ ਆਦਿ ਹਾਜ਼ਰ ਸਨ।
ਮੁੱਖ ਆਗੂ ਯੋਗੇਸ਼ ਠਾਕੁਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਚੱਕੀ ਦਰਿਆ ਨੇ ਸਭ ਤੋਂ ਪਹਿਲਾਂ ਨੈਰੋਗੇਜ਼ ਰੇਲਵੇ ਪੁਲ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਇਸ ਤੋਂ ਬਾਅਦ ਇਸ ਦਾ ਰੁਖ ਰਿਹਾਇਸ਼ੀ ਇਲਾਕੇ ਵੱਲ ਹੋ ਜਾਣ ਕਾਰਨ ਵਾਰਡ ਨੰਬਰ 12 ਦੇ ਲੋਕ ਜੋ ਚੱਕੀ ਦਰਿਆ ਦੇ ਕਿਨਾਰੇ ਤੋਂ ਪਹਿਲਾਂ ਕਰੀਬ 300 ਮੀਟਰ ਦੂਰ ਸਨ, ਹੁਣ ਸਿਰਫ 20 ਮੀਟਰ ਦੂਰੀ ’ਤੇ ਹੀ ਰਹਿ ਗਏ ਹਨ। ਇਸ ਨਾਲ ਲੋਕਾਂ ਵਿੱਚ ਸਹਿਮ ਪੈਦਾ ਹੋ ਗਿਆ ਹੈ। ਇਸੇ ਕਰਕੇ 27 ਪਰਿਵਾਰ ਇੱਥੋਂ ਪਲਾਇਨ ਕਰਕੇ ਸੁਰੱਖਿਅਤ ਸਥਾਨਾਂ ’ਤੇ ਜਾ ਚੁੱਕੇ ਹਨ ਜਦ ਕਿ ਬਾਕੀ ਪਰਿਵਾਰ ਗਰੀਬ ਹੋਣ ਕਰਕੇ ਇੱਥੇ ਹੀ ਟਿਕੇ ਹੋਏ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਹ 20 ਮੀਟਰ ਦੀ ਭੂਮੀ ਵੀ ਹੜ੍ਹ ਵਾਲੇ ਪਾਣੀ ਦੇ ਖੋਰੇ ਨਾਲ ਰੁੜ੍ਹ ਗਈ ਤਾਂ ਇਨ੍ਹਾਂ ਸਾਰੇ ਪਰਿਵਾਰ ਦੇ ਘਰ-ਘਾਟ ਰੁੜ੍ਹ ਜਾਣਗੇ। ਇਸ ਕਰਕੇ ਚੱਕੀ ਦਰਿਆ ਵਿੱਚ ਲਗਾਤਾਰ ਹੋ ਰਹੇ ਭੂਮੀ ਕਟਾਅ ਨੂੰ ਪੱਥਰਾਂ ਦੇ ਕਰੇਟ ਵਗੈਰਾ ਬੰਨ੍ਹ ਕੇ ਰੋਕਿਆ ਜਾਵੇ। ਚੱਕਾ ਜਾਮ ਲੱਗਣ ਦੀ ਸੂਚਨਾ ਮਿਲਦਿਆਂ ਸਾਰ ਐੱਸਡੀਐੱਮ ਕਾਲਾ ਰਾਮ ਕਾਂਸਲ, ਡੀਐੱਸਪੀ ਲਖਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਐੱਸਡੀਐੱਮ ਨੇ ਧਰਨਾਕਾਰੀਆਂ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ।
ਇਸ ’ਤੇ ਐੱਸਡੀਐੱਮ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੌਨਸੂਨ ਸੀਜ਼ਨ 15 ਸਤੰਬਰ ਤੱਕ ਹੈ ਅਤੇ ਇਹ ਸੀਜ਼ਨ ਸਮਾਪਤ ਹੁੰਦੇ ਸਾਰ ਇੱਥੇ ਹੜ੍ਹ ਰੋਕੂ ਪ੍ਰਬੰਧ ਸ਼ੁਰੂ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ ਲੋਕਾਂ ਨੇ ਜਾਮ ਖੋਲ੍ਹਿਆ।