ਪੱਤਰ ਪ੍ਰੇਰਕ
ਚੇਤਨਪੁਰਾ, 19 ਜੁਲਾਈ
ਗੁਰਦੁਆਰਾ ਮੋਰਚਾ ਸਾਹਿਬ ਕੁੱਕੜਾਂ ਵਾਲਾ ਨੇੜੇ ਤੇਜ਼ ਰਫ਼ਤਾਰ ਨਾਲ ਜਾ ਰਹੀ ਇਕ ਮਿੰਨੀ ਬੱਸ ਦੇ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਬਨ ਬੱਸ ਸਰਵਿਸ ਦੀ ਇਕ ਮਿੰਨੀ ਬੱਸ ਨੰਬਰ ਪੀ ਬੀ 06 ਈ 2831 ਜੋ ਪਿੰਡ ਧਾਰੀਵਾਲ ਕਲੇਰ ਤੋਂ ਚੱਲ ਕੇ ਅਜਨਾਲਾ ਰੋਡ ਹੁੰਦਿਆਂ ਹੋਇਆ ਤੇਜ਼ ਰਫ਼ਤਾਰ ਨਾਲ ਅੰਮ੍ਰਿਤਸਰ ਨੂੰ ਜਾ ਰਹੀ ਸੀ ਕਿ ਅਚਾਨਕ ਅੱਗੋਂ ਆਈ ਇੱਕ ਐਕਟਿਵਾ ਸਵਾਰ ਨੂੰ ਬਚਾਉਂਦਿਆਂ-ਬਚਾਉਂਦਿਆਂ ਮੋਰਚਾ ਸਾਹਿਬ ਗੁਰਦੁਆਰਾ ਨੇੜੇ ਸੰਤੁਲਨ ਵਿਗੜਨ ਕਾਰਨ ਪਲਟ ਗਈ। ਬੱਸ ਪਲਟਣ ਕਾਰਨ ਕਈ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਨ੍ਹਾਂ ਸਵਾਰੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਪਤਾ ਚੱਲਿਆ ਹੈ ਕਿ ਇਸ ਬੱਸ ਵਿੱਚ ਕਈ ਸਕੂਲਾਂ ਦੇ ਬੱਚੇ ਵੀ ਸਵਾਰ ਸਨ ਜਿਨ੍ਹਾਂ ਨੂੰ ਵੀ ਮਮੂਲੀ ਸੱਟਾਂ ਲੱਗੀਆਂ ਹਨ। ਉਧਰ, ਥਾਣਾ ਰਾਜਾਸਾਂਸੀ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੱਸ ਨੇ ਬਿਰਧ ਔਰਤ ਨੂੰ ਲਪੇਟ ’ਚ ਲਿਆ
ਧਾਰੀਵਾਲ (ਪੱਤਰ ਪ੍ਰੇਰਕ) ਇਥੇ ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ ਚੌਕ ਬੱਸ ਸਟੈਂਡ ਨੇੜੇ ਇਕ ਰੋਡਵੇਜਜ਼ ਦੀ ਬੱਸ ਦੀ ਲਪੇਟ ’ਚ ਆਉਣ ਨਾਲ ਇਕ ਬਜ਼ੁਰਗ ਔਰਤ ਗੰਭੀਰ ਜ਼ਖ਼ਮੀ ਹੋ ਜਾਣ ਦੀ ਖਬਰ ਹੈ। ਬੱਸ ਦੇ ਪਿਛਲੇ ਟਾਇਰ ਹੇਠਾਂ ਆਈ ਔਰਤ ਦੀ ਖੱਬੀ ਲੱਤ ਬੁਰੀ ਤਰ੍ਹਾਂ ਦਰੜੀ ਗਈ। ਜ਼ਖ਼ਮੀ ਹੋਈ ਔਰਤ ਪਛਾਣ ਰਾਣੋ ਪਤਨੀ ਗੁਰਦਾਸ ਮੱਲ ਵਾਸੀ ਪਿੰਡ ਤਲਵੰਡੀ ਬਥੁੱਨਗੜ੍ਹ, ਥਾਣਾ ਤਿੱਬੜ ਵਜੋਂ ਹੋਈ। ਟੈਕਸੀ ਸਟੈਂਡ ਦੇ ਡਰਾਇਵਰਾਂ ਨੇ ਜ਼ਖ਼ਮੀ ਔਰਤ ਨੂੰ ਐਬੂਲੈਂਸ ਰਾਹੀਂ ਇਲਾਜ ਲਈ ਇਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ। ਜ਼ਖ਼ਮੀ ਔਰਤ ਦੇ ਪੋਤਰੇ ਅੰਮ੍ਰਿਤਪਾਲ ਨੇ ਦੱਸਿਆ ਕਿ ਉਸਦੀ ਦਾਦੀ ਮਾਂ ਰਾਣੋ ਆਪਣੇ ਪੇਕੇ ਪਿੰਡ ਕਲੀਚਪੁਰ ਤੋਂ ਵਾਪਿਸ ਆਪਣੇ ਘਰ ਪਿੰਡ ਤਲਵੰਡੀ ਬਥੁੱਨਗੜ੍ਹ ਆਉਣ ਲਈ ਗੁਰਦਾਸਪੁਰ ਤੋਂ ਰੋਡਵੇਜ਼ ਦੀ ਬੱਸ ਨੰਬਰ ਪੀਬੀ 06 ਬੀਸੀ 0216 ’ਚ ਬੈਠ ਕੇ ਧਾਰੀਵਾਲ ਆਈ। ਬੱਸ ਡਰਾਈਵਰ ਨੇ ਬੱਸ ਸਟੈਂਡ ਤੋਂ ਥੋੜ੍ਹੀ ਦੂਰੀ ’ਤੇ ਅੱਗੇ ਜਾ ਕੇ ਟੈਕਸੀ ਸਟੈਂਡ ਨੇੜੇ ਬੱਸ ਖੜ੍ਹੀ ਕੀਤੀ, ਤਾਂ ਉਸਦੀ ਦਾਦੀ ਬੱਸ ਵਿੱਚੋਂ ਅਜੇ ਉਤਰ ਰਹੀ ਸੀ ਕਿ ਡਰਾਈਰ ਨੇ ਬੱਸ ਤੋਰ ਲਈ ਜਿਸ ਕਾਰਨ ਹੇਠਾਂ ਡਿੱਗ ਜਾਣ ਨਾਲ ਉਹ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਈ।