ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 6 ਦਸੰਬਰ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ (ਸਾਬਕਾ ਸੂਬਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ) ਨੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਚੋਣ ਲੜਨ ਦਾ ਅੱਜ ਐਲਾਨ ਕਰ ਦਿੱਤਾ ਹੈ। ਇਹ ਖ਼ੁਲਾਸਾ ਉਨ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਬਰਿੰਦਰ ਸਿੰਘ ਛੋਟੇਪੁਰ ਦੀ ਰਿਹਾਇਸ਼ ’ਤੇ ਕੀਤੀ ਮੀਟਿੰਗ ਦੌਰਾਨ ਕੀਤਾ। ਸ੍ਰੀ ਬਾਜਵਾ ਨੇ ਕਿਹਾ ਹਲਕਾ ਕਾਦੀਆਂ ਤੋਂ ਚੋਣ ਲੜਨ ਲਈ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਹਰੀ ਝੰਡੀ ਮਿਲ ਗਈ ਹੈ। ‘ਆਪ’ ’ਤੇ ਨਿਸ਼ਾਨਾ ਸਾਧਦਿਆਂ ਸ੍ਰੀ ਬਾਜਵਾ ਨੇ ਕਿਹਾ ਪੰਜਾਬ ਵਿੱਚ ਹਰ ਔਰਤ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਦੇਣ ਦਾ ਚੋਣ ਵਾਅਦਾ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਇਹ ਸਕੀਮ ਲਾਗੂ ਕਿਉਂ ਨਹੀਂ ਕੀਤੀ। ‘ਆਪ’ ਦੀ ਦਿੱਲੀ ਸਰਕਾਰ ਵਿੱਚ ਕਿਸੇ ਔਰਤ ਮੰਤਰੀ ਕਿਉਂ ਨਹੀਂ ਬਣਾਇਆ। ਸ੍ਰੀ ਬਾਜਵਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਵੱਖਰੀ ਪਾਰਟੀ ਦਾ ਚੋਣਾ ਵਿੱਚ ਕਾਂਗਰਸ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਥੋੜ੍ਹੇ ਸਮੇਂ ਵਿੱਚ ਹੀ ਪੰਜਾਬ ਵਾਸੀਆਂ ਹਿੱਤ ਲਏ ਜਾ ਰਹੇ ਫ਼ੈਸਲੇ ਸ਼ਲਾਘਾਯੋਗ ਹਨ। ਮੀਡੀਆ ਦੇ ਵੱਲੋਂ ਹਲਕਾ ਕਾਦੀਆਂ ਤੋਂ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਚੋਣ ਲੜਨਗੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀ ਬਾਜਵਾ ਨੇ ਕਿਹਾ ਇਹ ਫ਼ੈਸਲਾ ਪਾਰਟੀ ਹਾਈਕਮਾਨ ਦਾ ਕਿ ਫਤਿਹਜੰਗ ਸਿੰਘ ਨੂੰ ਕਿੱਥੋਂ ਟਿਕਟ ਦੇਣੀ ਹੈ। ਪਰ ਉਹ ਹਲਕਾ ਕਾਦੀਆਂ ਤੋਂ ਹੀ ਚੋਣ ਲੜਨਗੇ। ਇਸ ਮੌਕੇ ਪੀਪੀਸੀਸੀ ਦੇ ਸੂਬਾ ਸਕੱਤਰ ਬਰਿੰਦਰ ਸਿੰਘ, ਰਾਧੇ ਕ੍ਰਿਸ਼ਨ ਪੁਰ, ਜੈਮਸ ਮਸੀਹ, ਪਲਵਿੰਦਰ ਸਿੰਘ ਪਿੰਦਾ ਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।