ਗੁਰਬਖਸ਼ਪੁਰੀ
ਤਰਨ ਤਾਰਨ, 4 ਜਨਵਰੀ
ਕੌਮੀ ਸ਼ਾਹ ਮਾਰਗ ਨੰਬਰ-54 ਤੇ ਪਿੰਡ ਪੰਡੋਰੀ ਗੋਲਾ ਨੇੜੇ ਅੱਜ ਇਕ ਖੜ੍ਹੀ ਡਸਟਰ ਗੱਡੀ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਗੱਡੀ ਪੂਰੀ ਤਰ੍ਹਾਂ ਨਾਲ ਸੜ ਕੇ ਸਵਾਹ ਹੋ ਗਈ| ਗੱਡੀ ਨੰਬਰ ਪੀਬੀ-08, ਡੀਡੀ-2610 ਦੇ ਮਾਲਕ ਸਵਰਨ ਸਿੰਘ, ਸੂਬਾ ਪ੍ਰਧਾਨ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਆਪਣੇ ਦੋਸਤਾਂ ਨਾਲ ਤਰਨ ਤਾਰਨ ਨੂੰ ਆ ਰਿਹਾ ਸੀ ਕਿ ਉਹ ਕਿਸੇ ਕੰਮ ਲਈ ਪੰਡੋਰੀ ਗੋਲਾਂ ਨੇੜੇ ਗੱਡੀ ਵਿੱਚੋਂ ਹੇਠਾਂ ਉੱਤਰ ਕੇ ਰੁਕ ਗਏ, ਜਿਵੇਂ ਹੀ ਉਹ ਗੱਡੀ ਵਿੱਚ ਵਾਪਸ ਚੜ੍ਹਨ ਲੱਗੇ ਤਾਂ ਗੱਡੀ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਸੀ| ਉਸ ਦੇ ਦੱਸਿਆ ਕਿ ਦੇਖਦਿਆਂ ਹੀ ਦੇਖਦਿਆਂ ਗੱਡੀ ਨੂੰ ਅੱਗ ਦੀਆਂ ਲਪਟਾਂ ਨੇ ਘੇਰ ਲਿਆ| ਸਵਰਨ ਸਿੰਘ ਨੇ ਦੋਸ਼ ਲਗਾਇਆ ਕਿ ਉਸ ਨੇ ਅੱਗ ਲੱਗਣ ਦੇ ਤੁਰੰਤ ਤਰਨ ਤਾਰਨ ਦੇ ਫ਼ਾਇਰ ਬ੍ਰਿਗੇਡ ਅਤੇ ਪੁਲੀਸ ਨੂੰ ਸੂਚਿਤ ਕੀਤਾ ਪਰ ਇੱਕ ਘੰਟਾ ਬੀਤ ਜਾਣ ’ਤੇ ਵੀ ਨਾ ਤਾਂ ਫਾਇਰ ਬ੍ਰਿਗੇਡ ਅਤੇ ਨਾ ਹੀ ਪੁਲੀਸ ਮੌਕੇ ਤੇ ਪੁੱਜੀ| ਮੌਕੇ ’ਤੇ ਸਥਾਨਕ ਥਾਣਾ ਸਦਰ ਤੋਂ ਪਹੁੰਚੇ ਏਐੱਸਆਈ ਮੁਖਤਾਰ ਸਿੰਘ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਉਨ੍ਹਾਂ ਕਾਰਵਾਈ ਕੀਤੀ| ਸਵਰਨ ਸਿੰਘ ਨੇ ਫ਼ਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਨਾ ਪਹੁੰਚਣ ਦੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ|