ਜਸਬੀਰ ਸਿੰਘ ਚਾਨਾ
ਫਗਵਾੜਾ, 3 ਜੂਨ
ਪ੍ਰਾਈਵੇਟ ਸਕੂਲਾਂ ਦੁਆਰਾ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ਨੂੰ ਲੈ ਕੇ ਅੱਜ ਜਰਨੈਲ ਨੰਗਲ ਸੂਬਾ ਪ੍ਰਧਾਨ ਲੋਕ ਇਨਸਾਫ਼ ਪਾਰਟੀ ਐੱਸ.ਸੀ ਵਿੰਗ ਨੇ ਮਾਪਿਆਂ ਨੂੰ ਨਾਲ ਲੈ ਕੇ ਏਡੀਸੀ ਦਫ਼ਤਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਦੌਰਾਨ ਨੰਗਲ ਨੇ ਦੱਸਿਆ ਕੇ ਊਨ੍ਹਾਂ ਦੀਆਂ ਮੁੱਖ ਮੰਗਾਂ ’ਚ ਸਕੂਲਾਂ ਵਲੋਂ ਮਾਪਿਆਂ ਦੀ ਕਿਤਾਬਾਂ ’ਚ ਲੁੱਟ, ਹਰ ਸਾਲ ਦਾਖ਼ਲਾ ਫ਼ੀਸ ਦੀ ਲੁੱਟ, ਬਿਲਡਿੰਗ ਫ਼ੰਡ ਦੇ ਨਾਂ ’ਤੇ ਲੁੱਟ, ਸਾਲਾਨਾ ਫ਼ੰਡ ਦੇ ਨਾਮ ’ਤੇ ਲੁੱਟ, ਵਰਦੀਆਂ ’ਚ ਲੁੱਟ ਨੂੰ ਬੰਦ ਕਰਵਾਉਣਾ ਅਤੇ ਪ੍ਰਾਈਵੇਟ ਸਕੂਲਾਂ ’ਚ ਈ.ਡਬਲਯੂ. ਐਸ ਨੂੰ ਲਾਗੂ ਕਰਵਾਉਣਾ ਸ਼ਾਮਲ ਹਨ। ਇਸ ਮੌਕੇ ਐਸਐਚਓ ਸਿਟੀ ਉਕਾਰ ਸਿੰਘ ਪੁਲੀਸ ਫ਼ੋਰਸ ਸਮੇਤ ਮੌਕੇ ’ਤੇ ਪੁੱਜੇ ਤੇ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਕੀਤੀ। ਇਸ ਉਪਰੰਤ ਮਾਪਿਆਂ ਦੀ ਏਡੀਸੀ ਨਾਲ ਮੀਟਿੰਗ ਹੋਈ ਤੇ ਉਪਰੰਤ ਏਡੀਸੀ ਫਗਵਾੜਾ ਨੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਭਰੋਸਾ ਦਿੱਤਾ ਕਿ ਪ੍ਰਾਈਵੇਟ ਸਕੂਲਾਂ ਦੀ ਜਾਂਚ ਲਈ ਐਸਡੀਐਮ ਫਗਵਾੜਾ ਦੀ ਅਗਵਾਈ ’ਚ ਇੱਕ ਕਮੇਟੀ ਬਣਾਈ ਗਈ ਹੈ ਜਿਸ ’ਚ ਇੱਕ ਡਿਪਟੀ ਡੀਈਓ ਅਤੇ 4 ਸਰਕਾਰੀ ਅਧਿਆਪਕ ਹੋਣਗੇ ਜੋ ਸਾਰੀ ਜਾਂਚ ਕਰਨਗੇ। ਮੁਜ਼ਾਹਰਾਕਾਰੀਆਂ ਨੇ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ। ਸ੍ਰੀ ਨੰਗਲ ਨੇ ਕਿਹਾ ਕਿ ਜੇ ਸਕੂਲਾਂ ਦੀ ਲੁੱਟ ਬੰਦ ਨਾ ਹੋਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੁਖਦੇਵ ਚੌਕੜੀਆ, ਬਲਰਾਜ ਬਾਊ, ਬਲਵੀਰ ਠਾਕੁਰ, ਸ਼ਸ਼ੀ ਬੰਗੜ ਚੱਕ ਹਕੀਮ, ਗਿਆਨੀ ਹੁਸਨ ਲਾਲ, ਡਾ.ਰਮੇਸ਼, ਡਾ. ਕਲੇਰ, ਇੰਦਰਜੀਤ, ਸੁਖਦੇਵ ਸਿੰਘ, ਬਲਜਿੰਦਰ ਝੱਲੀ, ਕੁਲਵਿੰਦਰ ਕਿੰਦਾ, ਰਮੇਸ਼, ਸੰਦੀਪ, ਪਲਵਿੰਦਰ, ਕੁਲਦੀਪ, ਸ਼ਮੀ ਬੰਗੜ ਵੀ ਸ਼ਾਮਲ ਸਨ।
ਬਲਾਚੌਰ (ਸੁਭਾਸ਼ ਜੋਸ਼ੀ): ਲੌਕਡਾਊਨ ਦੌਰਾਨ ਬੰਦ ਰਹੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਵਸੂਲਣ ਦੇ ਮਾਮਲੇ ’ਤੇ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਬੇਦੀ, ਸੁਰਿੰਦਰ ਸਿੰਘ ਸਹੂੰਗੜਾ ਤਹਿਸੀਲ ਪ੍ਰਧਾਨ ਭੀਮ ਆਰਮੀ ਅਤੇ ਦਰਬਾਰਾ ਸਿੰਘ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ। ਊਨ੍ਹਾਂ ਕਿਹਾ ਕਿ ਲਾਕਡਾਊਨ /ਕਰਫਿਊ ਦੇ ਤਿੰਨ ਮਹੀਨੇ ਦੇ ਸਮੇਂ ਦੌਰਾਨ ਸਕੂਲ ਬੰਦ ਰਹਿਣ ਕਾਰਨ ਬੱਚੇ ਆਪੋ ਆਪਣੇ ਘਰਾਂ ਵਿੱਚ ਹੀ ਬੰਦ ਰਹੇ ਹਨ ਅਤੇ ਇਸ ਦੌਰਾਨ ਬੱਚਿਆ ਦੇ ਮਾਪਿਆਂ ਦੇ ਕੰਮ ਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਜਿਹੇ ਵਿੱਚ ਸਕੂਲ ਪ੍ਰਬੰਧਕ ਮਾਪਿਆਂ ਦਾ ਸਾਥ ਦਿੰਦਿਆਂ ਉਹਨਾਂ ਦੇ ਬੱਚਿਆਂ ਦੀਆਂ ਫੀਸਾ ਮੁਆਫ ਕਰਨ। ਉਨ੍ਹਾਂ ਐੱਸਡੀਐੱਮ ਬਲਾਚੌਰ ਜਸਬੀਰ ਸਿੰਘ ਨੂੰ ਅਪੀਲ ਕੀਤੀ ਕਿ ਊਹ ਫੀਸਾਂ ਮੁਆਫ ਕਰਾਉਣ ਲਈ ਅੱਗੇ ਆਉਣ।