ਦਲੇਰ ਸਿੰਘ ਚੀਮਾ
ਭੁਲੱਥ, 28 ਸਤੰਬਰ
ਅੱਜ ਭੁਲੱਥ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖ਼ਰੀਦ ਸਰਕਾਰੀ ਹਦਾਇਤਾਂ ਮੁਤਾਬਕ ਚਾਰ ਦਿਨ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਦੇ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਭੁਲੱਥ ਦੀ ਦਾਣਾ ਮੰਡੀ ਵਿੱਚ ਕਿਸ਼ਨ ਬਹਿਲ ਦੀ ਆੜ੍ਹਤ ’ਤੇ ਪਹਿਲੀ ਢੇਰੀ ਕੁਲਦੀਪ ਸਿੰਘ ਬਾਗੜੀਆਂ ਦੀ ਖ਼ਰੀਦ ਮਾਰਕੀਟ ਕਮੇਟੀ ਦੇ ਚੇਅਰਮੈਨ ਰਛਪਾਲ ਸਿੰਘ ਬੱਚਾ ਜੀਵੀ ਦੀ ਹਾਜ਼ਰੀ ਵਿੱਚ ਪਨਸਪ ਵੱਲੋਂ ਕੀਤੀ ਗਈ।
ਇਸ ਸਬੰਧੀ ਉਨ੍ਹਾਂ ਕਿਹਾ ਕਿ ਇਹ ਖ਼ਰੀਦ ਸਮਰਥਨ ਮੁੱਲ ਉੱਤੇ ਕੀਤੀ ਗਈ। ਇਸ ਮੌਕੇ ਕਮੇਟੀ ਚੇਅਰਮੈਨ ਵਲੋਂ ਕਿਸਾਨਾਂ ਨੂੰ ਸੁੱਕਾ ਝੋਨਾ ਲਿਆਉਣ ਤੇ ਆੜ੍ਹਤੀਆਂ ਨੂੰ ਸੈਨੇਟਾਈਜ਼ਰ, ਮੁਹੱਈਆ ਕਰਵਾਉਣ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਮੰਡੀ ਅਧਿਕਾਰੀਆਂ ਨੇ ਆੜ੍ਹਤੀਆਂ ਨੂੰ ਕਿਹਾ ਕਿ ਮਜ਼ਦੂਰਾਂ ਦਾ ਕੰਮ ਸ਼ੁਰੂ ਕਰਾਉਣ ਤੋਂ ਪਹਿਲਾਂ ਕਰੋਨਾ ਟੈਸਟ ਕਰਵਾਏ ਜਾਣ ਤਾਂ ਕਿ ਮਜ਼ਦੂਰਾਂ ਤੇ ਹੋਰ ਲੋਕਾਂ ਦੀ ਇਸ ਲਾਗ ਤੋਂ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਸਿਹਤ ਅਧਿਕਾਰੀਆਂ ਵਲੋਂ ਦਾਣਾ ਮੰਡੀ ਮੁਫ਼ਤ ਕੀਤੇ ਜਾ ਰਹੇ ਹਨ। ਇਸ ਮੌਕੇ ਪਨਸਪ ਅਧਿਕਾਰੀ ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਆੜ੍ਹਤੀ ਜੋਗਿੰਦਰ ਪਾਲ, ਪੱਪੂ ਪਾਸੀਂ, ਕ੍ਰਿਸ਼ਨਾ ਟਰੇਡਰਜ਼, ਸੁਨੀਲ ਭਾਟੀਆ ਤੇ ਹੋਰ ਹਾਜ਼ਰ ਸਨ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇੱਥੋਂ ਦੀ ਦਾਣਾ ਮੰਡੀ ਵਿਚ ਅੱਜ ਝੋਨੇ ਦੀ ਖ਼ਰੀਦ ਸ਼ੁਰੂ ਹੋ ਗਈ। ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਦੇ ਸਕੱਤਰ ਤਜਿੰਦਰ ਕੁਮਾਰ ਅਤੇ ਹਲਕਾ ਵਿਧਾਇਕ ਦੇ ਪੀਏ ਸੁਖਦੀਪ ਸਿੰਘ ਕੰਗ ਨੇ ਸੰਯੁਕਤ ਰੂਪ ’ਚ ਕਰਵਾਈ। ਝੋਨੇ ਦੀ ਪਹਿਲੀ ਖ਼ਰੀਦ ਪਨਗਰੇਨ ਵੱਲੋਂ ਕਿਸਾਨ ਟ੍ਰੇਡਰਜ਼ ਦੀ ਆੜ੍ਹਤ ਤੋਂ ਪਿੰਡ ਕੋਟਲੀ ਗਾਜਰਾਂ ਦੇ ਕਿਸਾਨ ਕਰਨੈਲ ਸਿੰਘ ਦੀ ਢੇਰੀ ਤੋਂ ਕੀਤੀ। ਸਕੱਤਰ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਦੇ 11 ਮੰਡੀਆਂ ਵਿਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁੱਕਾ ਝੋਨਾ ਲੈ ਕੇ ਆਉਣ।
ਆਦਮਪੁਰ ਦੋਆਬਾ (ਹਤਿੰਦਰ ਸਿੰਘ ਮਹਿਤਾ): ਦਾਣਾ ਮੰਡੀ ’ਚ ਝੋਨੇ ਦੀ ਖ਼ਰੀਦ ਮਾਰਕੀਟ ਕਮੇਟੀ ਚੇਅਰਮੈਨ ਗੁਰਦੀਪ ਸਿੰਘ ਪਰਹਾਰ ਤੇ ਆੜ੍ਹਤੀਆਂ ਦੀ ਦੇਖ-ਰੇਖ ਹੇਠ ਸ਼ੁਰੂ ਕਰਵਾਈ ਗਈ। ਨਿਊ ਪੰਜਾਬ ਟ੍ਰੇਡਿੰਗ ਕੰਪਨੀ ਦੀ ਦੁਕਾਨ ਆਦਮਪੁਰ ਦਾਣਾ ਮੰਡੀ ਤੇ ਝੋਨੇ ਦੀ ਪਹਿਲੀ ਫ਼ਸਲ ਲੈ ਕੇ ਆਏ ਕਿਸਾਨ ਗੁਰਦੇਵ ਸਿੰਘ ਵਾਸੀ ਅਰਜਨਵਾਲ ਦੀ ਝੋਨੇ ਦੀ ਪਹਿਲੀ ਖ਼ਰੀਦ ਸ਼ੁਰੂ ਕਰਵਾਈ। ਚੇਅਰਮੈਨ ਗੁਰਦੀਪ ਸਿੰਘ ਪਰਹਾਰ ਨੇ ਕਿਹਾ ਕਿ ਖ਼ਰੀਦ ਦੌਰਾਨ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ ਤੇ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਪੂਰੇ ਹਨ। ਇਸ ਮੌਕੇ ਵਾਈਸ ਚੇਅਰਮੈਨ ਸਰਬਜੀਤ ਸਿੰਘ, ਗੁਰਦਿਆਲ ਸਿੰਘ ਨਿੱਝਰ, ਸੁਖਜਿੰਦਰ ਕੌਰ, ਰਮਨ ਪੁਰੰਗ ਬੋਬੀ, ਵਾਸੂ ਗੁਪਤਾ ਮੌਜੂਦ ਸਨ।