ਨਿੱਜੀ ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 10 ਅਕਤੂਬਰ
ਸੂਬਾ ਸਰਕਾਰ ਵੱਲੋਂ ਜਿਥੇ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ, ਉਥੇ ਸ਼ੈੱਲਰ ਦੀ ਅਲਾਟਮੈਂਟ ਅਤੇ ਐਗਰੀਮੈਂਟ ਨਾ ਹੋਣ ਕਾਰਨ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਰੁਕੀ ਹੋਈ ਹੈ। ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਵੱਖ ਵੱਖ ਖ਼ਰੀਦ ਏਜੰਸੀਆਂ ਵੱਲੋਂ ਮੰਡੀਆਂ ਵਿੱਚ ਲਿਆਂਦੇ ਝੋਨੇ ਦੀ ਖਰੀਦ ਨਾਲੋ ਨਾਲ ਕੀਤੀ ਜਾ ਰਹੀ ਹੈ। ਪਰ ਸ਼ੈਲਰਾਂ ਦੀ ਅਲਾਟਮੈਂਟ ਅਤੇ ਸ਼ੈਲਰ ਮਾਲਕਾਂ ਨਾਲ ਐਗਰੀਮੈਂਟ ਨਾ ਹੋਣ ਕਾਰਨ ਮੰਡੀਆਂ ਵਿੱਚ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਕੀਤਾ ਗਿਆ ਝੋਨਾ ਸ਼ੈੱਲਰਾਂ ਤਕ ਨਹੀਂ ਪਹੁੰਚ ਪਾਇਆ। ਇਸ ਸਬੰਧੀ ਕੁਝ ਸ਼ੈਲਰ ਮਾਲਕਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਵਾਲੇ ਐਗਰੀਮੈਂਟ ਦੀ ਬਜਾਏ ਸ਼ੈੱਲਰ ਮਾਲਕਾਂ ’ਤੇ ਨਵੀਆਂ ਹਦਾਇਤਾਂ ਥੋਪੀਆਂ ਜਾ ਰਹੀਆਂ ਹਨ ਜੋ ਸ਼ੈੱਲਰ ਮਾਲਕਾਂ ਲਈ ਨੁਕਸਾਨਦਾਇਕ ਹੈ। ਪੰਜਾਬ ਸ਼ੈਲਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਨਿੱਚਰਵਾਰ ਨੂੰ ਸਮੂਹ ਸ਼ੈਲਰ ਮਾਲਕਾਂ ਦੀ ਮੀਟਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਐਫਸੀਆਈ ਦੇ ਰੂਲ ਤਹਿਤ ਮਾਲ ਦੀ ਖਰੀਦ ਹੋਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਸ਼ਨੀਵਾਰ ਨੂੰ ਸ਼ੈਲਰਾਂ ਦੀ ਅਲਾਟਮੈਂਟ ਹੋ ਜਾਵੇਗੀ ਅਤੇ ਇਸ ਐਗਰੀਮੈਂਟ ਉਪਰੰਤ ਸੋਮਵਾਰ ਤੋਂ ਸ਼ੈੱਲਰਾਂ ਵਿੱਚ ਮਾਲ ਲੱਗਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 17 ਨਮੀ ਨੂੰ ਕੋਈ ਵੀ ਕੱਟ ਨਹੀਂ ਲੱਗੇਗਾ ਅਤੇ ਕੋਈ ਵੀ ਸ਼ੈਲਰ ਮਾਲਕ ਆਨਾਕਾਨੀ ਨਹੀਂ ਕਰੇਗਾ।