ਪੱਤਰ ਪ੍ਰੇਰਕ
ਪਠਾਨਕੋਟ, 23 ਅਪਰੈਲ
ਇੱਥੇ ਅੱਜ ਇੱਕ ਫ਼ਰਜ਼ੀ ਆਸ਼ਾ ਵਰਕਰ ਉਸ ਵੇਲੇ ਫੜੀ ਗਈ ਜਦੋਂ ਉਹ ਇਕ ਗਰਭਵਤੀ ਔਰਤ ਦਾ ਟੈਸਟ ਹਸਪਤਾਲ ਦੇ ਬਾਹਰੋਂ ਕਰਵਾ ਕੇ ਪੈਸੇ ਲੈ ਰਹੀ ਸੀ। ਉਸ ਕੋਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਬਣਾਇਆ ਜਾਂਦਾ ਆਸ਼ਾ ਵਰਕਰਾਂ ਵਾਲਾ ਪਛਾਣ ਪੱਤਰ ਵੀ ਬਰਾਮਦ ਹੋਇਆ ਜੋ ਕਿ ਫ਼ਰਜ਼ੀ ਨਿਕਲਿਆ। ਇਸ ਔਰਤ ਨੂੰ ਹਸਪਤਾਲ ਦੇ ਸੁਰੱਖਿਆ ਮੁਲਾਜ਼ਮਾਂ ਨੇ ਕਾਬੂ ਕਰ ਲਿਆ ਪਰ ਉਸ ਨੇ ਮੁਆਫੀ ਮੰਗ ਲਈ ਤੇ ਅੱਗੇ ਤੋਂ ਹਸਪਤਾਲ ਨਾ ਆਉਣ ਦੀ ਤੋਬਾ ਕੀਤੀ। ਫਿਰ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਐਕਟਿੰਗ ਐੱਸਐੱਮਓ ਡਾ. ਸੁਨੀਲ ਚਾਂਦ ਨੇ ਦੱਸਿਆ ਕਿ ਉਕਤ ਔਰਤ ਨੂੰ ਫੜ ਲਿਆ ਗਿਆ ਸੀ ਪਰ ਉਸ ਨੇ ਮੁਆਫੀ ਮੰਗ ਲਈ ਜਿਸ ਕਾਰਨ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।