ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 4 ਫਰਵਰੀ
ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕੋਟ ਟੋਡਰ ਮੱਲ ਵਿੱਚ ਬਹੁਤ ਗਿਣਤੀ ਮਜ਼ਦੂਰ ਲੋਕ ਚਮੜੀ ਰੋਗਾਂ ਤੋਂ ਪੀੜਤ ਹੋਣ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮੇਜਰ ਸਿੰਘ ਨੇ ਦੱਸਿਆ ਕਿ ਉਸ ਦੇ ਆਪਣੇ ਬੱਚਿਆਂ ਨੂੰ ਚਮੜੀ ਦਾ ਰੋਗ ਹੋ ਗਿਆ ਹੈ। ਜਦੋਂ ਉਸ ਨੇ ਇਸ ਬਾਰੇ ਨੇੜਲੇ ਸਿਹਤ ਕਰਮੀਆਂ, ਗੁਆਂਢੀਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ ਪਿੰਡ ਕੋਟ ਟੋਡਰ ਮੱਲ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕਾਂ ਵੀ ਇਸ ਬਿਮਾਰੀ ਤੋਂ ਪੀੜਤ ਪਾਏ ਗਏ। ਇਸ ਰੋਗ ਕਾਰਨ ਰੋਗੀ ਦੀ ਚਮੜੀ ਉੱਤੇ ਬਹੁਤ ਜ਼ਿਆਦਾ ਖ਼ਾਰਸ਼ ਹੁੰਦੀ ਹੈ ਅਤੇ ਖ਼ਾਸ ਕਰਕੇ ਇਹ ਰੋਗ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੈ। ਮਰੀਜ਼ਾਂ ਨੇ ਦੱਸਿਆ ਕਿ ਇਸ ਬਿਮਾਰੀ ਦੇ ਇਲਾਜ ਉੱਤੇ ਉਨ੍ਹਾਂ ਨੂੰ 8 ਤੋਂ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਖ਼ਰਚ ਕਰਨਾ ਪੈ ਰਿਹਾ ਹੈ। ਪਰ ਉਹ ਇਸ ਦੇ ਸਹੀ ਇਲਾਜ ਲਈ ਸਿਹਤ ਅਧਿਕਾਰੀਆਂ ਨੂੰ ਮਿਲੇ ਹਨ ਅਤੇ ਮੰਗ ਕੀਤੀ ਹੈ ਕਿ ਇਸ ਬਿਮਾਰੀ ਦੀ ਜੜ੍ਹ ਪਤਾ ਕਰਨ ਲਈ ਉੱਚ ਪੱਧਰੀ ਟੀਮਾਂ ਇਲਾਕੇ ਵਿੱਚ ਜਾਂਚ ਲਈ ਭੇਜੇ। ਜਦੋਂ ਇਸ ਸਬੰਧੀ ਐੱਸ ਐਮ. ਓ. ਕਾਹਨੂੰਵਾਨ ਡਾ. ਪੂਨੀਆ ਵਰੁਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਸਬੰਧੀ ਪਤਾ ਲੱਗਣ ਉੱਤੇ ਉਨ੍ਹਾਂ ਨੇ ਸਿਹਤ ਕਰਮੀਆਂ ਦੀ ਇਕ ਟੀਮ ਨੂੰ ਜਾਂਚ ਲਈ ਪਿੰਡਾਂ ਵਿੱਚ ਭੇਜਿਆ ਸੀ। ਜਾਂਚ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੱਪੜਿਆਂ, ਬਿਸਤਰਿਆਂ ਅਤੇ ਘਰ ਦੀ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਦੇਣ।