ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਨੂੰ ਅਖੰਡ ਪਾਠ ਕਰਵਾਉਣ ਦਾ ਆਦੇਸ਼

ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਨੂੰ ਅਖੰਡ ਪਾਠ ਕਰਵਾਉਣ ਦਾ ਆਦੇਸ਼

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਸਤੰਬਰ

ਅਕਾਲ ਤਖ਼ਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਬਾਬਾ ਬੀਰ ਸਿੰਘ ਨੌਰੰਗਾਬਾਦੀ ਤੇ ਕੁਝ ਹੋਰ ਸਿੱਖਾਂ ਦੀ ਯਾਦ ਵਿੱਚ 10 ਅਕਤੂਬਰ ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣ ਅਤੇ ਅਰਦਾਸ ਕੀਤੀ ਜਾਵੇ,  ਜੋ ਮਈ 1844 ਵਿੱਚ ਸ਼ਹੀਦ ਹੋ ਗਏ ਸਨ। ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਰਾਜਾ ਹੀਰਾ ਸਿੰਘ ਡੋਗਰਾ ਦੇ ਬਹਿਕਾਵੇ ਵਿੱਚ ਆ ਕੇ ਸਿੱਖ ਸੈਨਿਕਾਂ ਵੱਲੋਂ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਡੇਰੇ ’ਤੇ ਹਮਲਾ ਕਰ ਦਿੱਤਾ ਗਿਆ ਸੀ, ਜਿਸ ’ਚ ਬਾਬਾ ਨੌਰੰਗਾਬਾਦੀ ਅਤੇ ਹੋਰ ਸਿੱਖ ਜਰਨੈਲਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਅਕਾਲ ਤਖ਼ਤ ’ਤੇ ਸਿੱਖ ਵਿਦਵਾਨਾਂ ਅਤੇ ਸੰਗਤ ਦੇ ਸੁਝਾਅ ਪੁੱਜੇ ਹਨ ਕਿ ਇਸ ਸਬੰਧ ’ਚ ਹੁਣ ਤੱਕ ਕੋਈ ਅਖੰਡ ਪਾਠ ਨਹੀਂ ਕੀਤਾ ਗਿਆ ਹੈ। ਇਸ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਗਿਆ ਹੈ ਕਿ 10 ਅਕਤੂਬਰ ਨੂੰ ਇਸ ਸਬੰਧੀ ਅਖੰਡ ਪਾਠ ਦੇ ਭੋਗ ਪਾਏ ਜਾਣ ਅਤੇ ਅਰਦਾਸ ਕੀਤੀ ਜਾਵੇ। 

 ਦੱਸਣਯੋਗ ਹੈ ਕਿ ਬਾਬਾ ਨੌਰੰਗਾਬਾਦੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਸ਼ਾਮਲ ਸਨ। ਰਾਜਾ ਹੀਰਾ ਸਿੰਘ ਡੋਗਰਾ ਨੇ ਉਨ੍ਹਾਂ ’ਤੇ ਹਮਲਾ ਕਰਵਾ ਦਿੱਤਾ ਸੀ। ਇਸ ਹਮਲੇ ਵਿੱਚ ਬਾਬਾ ਨੌਰੰਗਾਬਾਦੀ ਨੇ ਆਈ ਸੈਨਾ ’ਤੇ ਇਹ ਆਖ ਕੇ ਹਥਿਆਰ ਚੁੱਕਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿ ਉਹ ਆਪਣੇ ਸਿੱਖ ਫ਼ੌਜੀ ਭਰਾਵਾਂ ਨਾਲ ਲੜਾਈ ਨਹੀਂ ਕਰਨਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All