ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 18 ਸਤੰਬਰ
ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ ਕਾਰਜਸਾਧਕ ਅਫ਼ਸਰ ਜਤਿੰਦਰ ਮਹਾਜਨ ਨੇ ਨਗਰ ਕੌਂਸਲ ਦੀਆਂ ਮਾਲਕੀ ਵਾਲੀਆਂ ਦੁਕਾਨਾਂ ਵਿੱਚ ਕਿਰਾਏਦਾਰ ਵਜੋਂ ਆਪਣਾ ਕਾਰੋਬਾਰ ਚਲਾ ਰਹੇ ਕੁਝ ਦੁਕਾਨਦਾਰਾਂ ਵਿਰੁੱਧ ਕਿਰਾਇਆ ਜਮ੍ਹਾਂ ਨਾ ਕਰਵਾਉਣ ਦੇ ਦੋਸ਼ ਹੇਠ ਕਾਨੂੰਨੀ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਈਓ ਜਤਿੰਦਰ ਮਹਾਜਨ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਦੁਕਾਨਾਂ ਵਿੱਚ ਕਿਰਾਏਦਾਰ ਵਜੋਂ ਆਪਣਾ ਕਾਰੋਬਾਰ ਚਲਾ ਰਹੇ ਦੁਕਾਨਦਾਰਾਂ ਵੱਲ ਕਾਫ਼ੀ ਕਿਰਾਇਆ ਜਮ੍ਹਾਂ ਹੈ, ਜੋ ਕਈ ਵਾਰ ਨੋਟਿਸ ਦੇਣ ਦੇ ਬਾਵਜੂਦ ਕਿਰਾਇਆ ਜਮ੍ਹਾਂ ਨਹੀਂ ਕਰਵਾ ਰਹੇ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਕਿਰਾਏਦਾਰ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਈਓ ਸ੍ਰੀ ਮਹਾਜਨ ਨੇ ਕਿਹਾ ਕਿ ਜਿਹੜਾ ਦੁਕਾਨਦਾਰ ਨਗਰ ਕੌਂਸਲ ਦੀ ਮਾਲਕੀ ਵਾਲੀ ਦੁਕਾਨ ਦਾ ਬਣਦਾ ਕਿਰਾਇਆ ਜਮ੍ਹਾਂ ਨਹੀਂ ਕਰਵਾਏਗਾ, ਉਸ ਵਿਰੁੱਧ ਅਦਾਲਤ ਵਿਚ ਕੇਸ ਦਾਇਰ ਕੀਤਾ ਜਾਵੇਗਾ ਅਤੇ ਦੁਕਾਨ ਵਿੱਚ ਲੱਗਾ ਬਿਜਲੀ ਦਾ ਕੁਨੈਕਸ਼ਨ ਕੱਟਣ ਲਈ ਪਾਵਰਕੌਮ ਨੂੰ ਲਿਖ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਰਾਏਦਾਰ ਆਪਣੀਆਂ ਦੁਕਾਨਾਂ ਦਾ ਕਿਰਾਇਆ ਤੁਰੰਤ ਨਗਰ ਕੌਂਸਲ ਦਫ਼ਤਰ ਵਿੱਚ ਜਮ੍ਹਾਂ ਕਰਵਾ ਕੇ ਰਸੀਦ ਹਾਸਲ ਕਰਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਰਾਏਦਾਰ ਕਿਰਾਇਆ ਜਮ੍ਹਾਂ ਨਹੀਂ ਕਰਵਾਉਣਗੇ ਤਾਂ ਦੁਕਾਨਾਂ ਸੀਲ ਕਰਨ ਲਈ ਨਗਰ ਕੌਂਸਲ ਵੱਲੋਂ ਕਾਨੂੰਨੀ ਪ੍ਰਕਿਰਿਆ ਆਰੰਭੀ ਜਾਵੇਗੀ। ਇਸ ਮੌਕੇ ਈਓ ਜਤਿੰਦਰ ਮਹਾਜਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਾਇਦਾਦਾਂ ਦਾ ਬਣਦਾ ਪ੍ਰਾਪਰਟੀ ਟੈਕਸ ਦਫ਼ਤਰ ਵਿੱਚ ਜਲਦੀ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਮੌਜੂਦਾ ਸਾਲ ਦਾ ਟੈਕਸ ਅਤੇ ਪਿਛਲਾ ਬਕਾਇਆ ਜਮ੍ਹਾਂ ਨਾ ਕਰਵਾਉਣ ਵਾਲੇ ਦੁਕਾਨਦਾਰਾਂ ਤੇ ਮਕਾਨ ਮਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਜ਼ੁਰਮਾਨੇ ਸਮੇਤ ਪ੍ਰਾਪਰਟੀ ਟੈਕਸ ਦੀ ਵਸੂਲੀ ਕੀਤੀ ਜਾਵੇਗੀ।