ਪੱਤਰ ਪ੍ਰੇਰਕ
ਤਰਨ ਤਾਰਨ, 19 ਜੁਲਾਈ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਥਾਨਕ ਜ਼ਿਲ੍ਹਾ ਜਥਾ ਦੇ ਆਗੂਆਂ ਵਲੋਂ ਅੱਜ ਇਥੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਦੇ ਰਾਜਪਾਲ ਦੇ ਨਾਂ ’ਤੇ ਇਕ ਮੰਗ ਪੱਤਰ ਦੇ ਕੇ ਸੂਬੇ ਅੰਦਰ ਪਾਰਟੀ ਦੇ ਆਗੂ ਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਸ਼ਾਨ ਖਿਲਾਫ਼ ਚਲਾਈ ਮੁਹਿੰਮ ਨੂੰ ਤੁਰੰਤ ਰੋਕੇ ਜਾਣ ਦੀ ਮੰਗ ਕੀਤੀ ਗਈ| ਪਾਰਟੀ ਆਗੂ ਦਿਲਬਾਗ ਸਿੰਘ, ਅਜੀਤ ਸਿੰਘ ਮੀਆਂਪੁਰ, ਗੁਰਸ਼ਰਨ ਸਿੰਘ ਢੋਟੀਆਂ ਆਦਿ ਨੇ ਦੋਸ਼ ਲਗਾਇਆ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਾਜ਼ਿਸ਼ ਤਹਿਤ ਸੂਬੇ ਭਰ ਅੰਦਰ ਸਿਮਰਨਜੀਤ ਸਿੰਘ ਮਾਨ ਦੇ ਪੁਤਲੇ ਸਾੜੇ ਜਾ ਰਹੇ ਹਨ ਤੇ ਭੜਕਾਊ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ| ਅਕਾਲੀ ਦਲ ਦਾ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਗਵਿੰਦਰਜੀਤ ਸਿੰਘ ਗਰੇਵਾਲ ਵਲੋਂ ਲਿਆ ਗਿਆ।
ਸੂਬੇ ਦੇ ਅਸ਼ਾਂਤ ਮਾਹੌਲ ਲਈ ‘ਆਪ’ ਨੂੰ ਜ਼ਿੰਮੇਵਾਰ ਠਹਿਰਾਇਆ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਅ) ਦੀ ਜ਼ਿਲ੍ਹਾ ਜਥੇਬੰਦੀ ਵਲੋਂ ਡਿਪਟੀ ਕਮਿਸ਼ਨਰ ਨੂੰ ਪੰਜਾਬ ਦੇ ਰਾਜਪਾਲ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਵਫ਼ਦ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਵਲੋਂ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਪੰਜਾਬ ਵਿਚ ਅਸ਼ਾਂਤ ਮਾਹੌਲ ਪੈਦਾ ਕਰਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਖਿਲਾਫ਼ ਅਪਮਾਨਿਤ ਸ਼ਬਦਾਵਲੀ ਵਰਤਣ ਵਾਲੇ ਅਨਸਰਾਂ ਵਿਰੁੱਧ ਤੁਰੰਤ ਐਫ਼.ਆਈ.ਆਰ ਦਰਜ ਕੀਤੀ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖੁਣ-ਖੁਣ, ਗੁਰਨਾਮ ਸਿੰਘ ਸਿੰਗੜੀਵਾਲਾ, ਗੁਰਦੀਪ ਸਿੰਘ ਗੜ੍ਹਦੀਵਾਲਾ, ਸਰਕਲ ਪ੍ਰਧਾਨ ਸਤਵੰਤ ਸਿੰਘ, ਸਰੂਪ ਸਿੰਘ ਪੰਡੋਰੀ ਸੂਮਲਾਂ, ਸਤਵੰਤ ਸਿੰਘ, ਮਨਜੀਤ ਸਿੰਘ ਖੁਣ-ਖੁਣ, ਰਣਧੀਰ ਸਿੰਘ ਕਡਿਆਣਾ ਮੌਜੂਦ ਸਨ।-ਪੱਤਰ ਪ੍ਰੇਰਕ