ਪੱਤਰ ਪ੍ਰੇਰਕ
ਪਠਾਨਕੋਟ, 9 ਸਤੰਬਰ
ਜ਼ਿਲ੍ਹਾ ਪਠਾਨਕੋਟ ਵਿੱਚ ਸਾਰੇ ਕਾਨੂੰਨਗੋ ਅਤੇ ਪਟਵਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਕਾਨੂੰਨਗੋ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਨਿਲ ਬੱਗਾ, ਪਟਵਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਜੇ ਪਾਲ ਸਿੰਘ, ਕਿਸਾਨ ਯੂਨੀਅਨ ਦੇ ਤਹਿਸੀਲ ਪ੍ਰਧਾਨ ਸਰਬਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਉਪ-ਪ੍ਰਧਾਨ ਜਸਵੰਤ ਸਿੰਘ ਤੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਗੁਰਦਿਆਲ ਸਿੰਘ ਸੈਣੀ, ਨਗਰ ਕੌਂਸਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਅਵਿਨਾਸ਼ ਸੈਣੀ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕੇਵਲ ਕਾਲੀਆ ਅਤੇ ਡੀਸੀ ਦਫਤਰ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਫਰੀ ਨੇ ਸੰਬੋਧਨ ਕੀਤਾ। ਪਟਵਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਜੇ ਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਮਾਲ ਪਟਵਾਰੀਆਂ ਦੀਆਂ 1056 ਅਸਾਮੀਆਂ ਸੁਰਜੀਤ ਕੀਤੀਆਂ ਹਨ ਜਦਕਿ ਬਾਕੀ ਨੂੰ ਸਮਾਪਤ ਕਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਮਾਲ ਪਟਵਾਰੀਆਂ ਉਪਰ ਪਹਿਲਾਂ ਹੀ ਕੰਮ ਦਾ ਭਾਰੀ ਬੋਝ ਹੈ। ਅਸਾਮੀਆਂ ਖਤਮ ਹੋਣ ਨਾਲ ਕੰਮ ਦਾ ਬੋਝ ਹੋਰ ਵਧ ਜਾਵੇਗਾ।
ਪਟਵਾਰੀਆਂ ਵੱਲੋਂ ਡੀਸੀ ਨੂੰ ਮੰਗ ਪੱਤਰ
ਤਰਨ ਤਾਰਨ (ਪੱਤਰ ਪ੍ਰੇਰਕ): ਆਪਣੀਆਂ ਮੰਗਾਂ ਨੂੰ ਲੈ ਕੇ ‘ਦੀ ਰੈਵੀਨਿਊ ਪਟਵਾਰ ਯੂਨੀਅਨ’, ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਧਰਨਾ ਦਿੱਤਾ ਗਿਆ ਅਤੇ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵਰਕਰ ਵੀ ਧਰਨੇ ਵਿੱਚ ਸ਼ਾਮਲ ਹੋਏ। ਬੁਲਾਰਿਆਂ ਨੇ ਪਟਵਾਰੀਆਂ ਦੀਆਂ 1056 ਅਸਾਮੀਆਂ ਘਟਾਉਣ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕੰਮ ਦਾ ਬੋਝ ਵੱਧ ਜਾਣ ਕਰਕੇ ਅਸਾਮੀਆਂ ਵਧਾਉਣ ਦੀ ਮੰਗ ਕੀਤੀ।