ਪੱਤਰ ਪ੍ਰੇਰਕ
ਧਾਰੀਵਾਲ, 17 ਜੂਨ
ਸੀ.ਪੀ.ਆਈ (ਐੱਮ.ਐੱਲ) ਲਬਿਰੇਸ਼ਨ ਵੱਲੋਂ ਇੱਥੋਂ ਦੇ ਨੇੜੇ ਪਿੰਡ ਸੋਹਲ ’ਚ ਇਜਲਾਸ ਕਾਮਰੇਡ ਸੁਖਵੰਤ ਸਿੰਘ ਹਜਾਰਾ, ਨੱਥੂ ਰਾਮ ਈਸਾਪੁਰ ਕੋਠੇ ਤੇ ਰਣਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਇਆ। ਇਜਲਾਸ ’ਚ ਸ਼ਾਮਲ ਡੈਲੀਗੇਟਾਂ ਤੇ ਪਾਰਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ਵਿਜੈ ਕੁਮਾਰ ਸੋਹਲ ਅਤੇ ਸੁਖਦੇਵ ਸਿੰਘ ਭਾਗੋਕਾਵਾਂ ਨੇ ਕਿਹਾ ਕਿ ਭਾਜਪਾ ਸਰਕਾਰ ਅਤੇ ਆਰ.ਐੱਸ.ਐੱਸ ਵੱਲੋਂ ਦੇਸ਼ ਨੂੰ ਫਿਰਕਾਪ੍ਰਸਤੀ ਦੀ ਅੱਗ ਵਿੱਚ ਝੋਕਿਆ ਜਾ ਰਿਹਾ ਹੈ। ਇਸ ਸਮੇਂ ਵੱਖ-ਵੱਖ ਮਤਿਆਂ ਵਿੱਚ ਪਾਸ ਕੀਤਾ ਗਿਆ ਕਿ ਫੌਜ ਭਰਤੀ ਲਈ ਲਿਆਂਦੀ ਗਈ ਅਗਨੀਪੱਥ ਸਕੀਮ ਮੋਦੀ ਸਰਕਾਰ ਵਾਪਸ ਲਵੇ ਕਿਉਂਕਿ ਫੌਜੀ ਭਰਤੀ ਦੀ ਚਾਰ ਸਾਲ ਦੀ ਠੇਕਾ ਪ੍ਰਣਾਲੀ ਦੇਸ਼ ਅਤੇ ਸਮਾਜ ਲਈ ਅਤਿ ਘਾਤਕ ਹੈ ਤੇ ਨਾ ਹੀ ਇਹ ਸਕੀਮ ਬੇਰੁਜ਼ਗਾਰੀ ਦਾ ਕੋਈ ਹੱਲ ਹੈ, ਜਦੋਂਕਿ ਦੇਸ਼ ਦੇ ਕਰੋੜਾਂ ਬੇਰੁਜ਼ਗਾਰਾਂ ਨੂੰ ਸਥਾਈ ਨੌਕਰੀਆਂ ਅਤੇ ਕੰਮ ਦੇਣ ਦੀ ਲੋੜ ਹੈ। ਬੱਖਤਪੁਰਾ ਨੇ ਕਿਹਾ ਕਿ ਚਾਰ ਸਾਲ ਤੋਂ ਬਾਅਦ ਫੌਜ ’ਚੋਂ ਨੌਜਵਾਨਾਂ ਨੂੰ ਘਰ ਵਾਪਸ ਭੇਜਣ ਦਾ ਅਰਥ ਨੌਜਵਾਨਾਂ ਨੂੰ ਗੈਂਗਸਟਰ ਬਣਨ ਅਤੇ ਅਰਾਜਕਤਾ ਵੱਲ ਧੱਕਣ ਦਾ ਅਮਲ ਸਾਬਤ ਹੋਵੇਗਾ।