ਜਤਿੰਦਰ ਬੈਂਸ
ਗੁਰਦਾਸਪੁਰ, 19 ਅਗਸਤ
ਪੰਜਾਬ ਸਰਕਾਰ ਵੱਲੋਂ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੌਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਕਾਇਮ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਲੋਕ ਮਾਰੂ ਐਲਾਨਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਕਾਰਕੁਨਾਂ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਫਰੰਟ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਜਰਨਲ ਸਕੱਤਰ ਅਮਰਜੀਤ ਸਿੰਘ ਮਨੀ ਨੇ ਕਿਹਾ ਕਿ ਆਹਲੂਵਾਲੀਆ ਕਮੇਟੀ ਵੱਲੋਂ ਪ੍ਰੋਫੈਸ਼ਨਲ ਟੈਕਸ 2400 ਰੁਪਏ ਤੋਂ ਵਧਾ ਕੇ 20,000 ਰੁਪਏ ਸਾਲਾਨਾ ਕਰਨ, ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰੀ ਸਕੀਮਾਂ ਤਹਿਤ ਤਨਖਾਹ ਦੇਣ, ਆਦਿ ਦੀਆਂ ਮੁਲਾਜ਼ਮ ਮਾਰੂ ਸਿਫਾਰਸ਼ਾਂ ਕੀਤੀਆਂ ਹਨ, ਜੋ ਕਿ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੀਆਂ ਬਿਜਲੀ ਤੇ ਖੇਤੀ ਸੈਕਟਰ ਵਿਰੋਧੀ ਸਿਫਾਰਸ਼ਾਂ ਪੰਜਾਬ ਦੇ ਸਮੁੱਚੇ ਲੋਕ ਹਿੱਤਾਂ ਦਾ ਘਾਣ ਕਰਨ ਵਾਲੀਆਂ ਤੇ ਨਿੱਜੀਕਰਨ ਨੂੰ ਵਧਾਵਾ ਦੇਣ ਵਾਲੀਆਂ ਹਨ। ਆਗੂਆਂ ਨੇ ਲੋਕ ਵਿਰੋਧੀ ਸਿਫਾਰਸ਼ਾਂ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮ ਦੀ ਲਹਿਰ ਉਸਾਰਨ ਦਾ ਸੱਦਾ ਦਿੰਦਿਆਂ ਕੈਪਟਨ ਸਰਕਾਰ ਤੋਂ ਲੋਕ ਵਿਰੋਧੀ ਨੀਤੀਆਂ ਵਾਪਸ ਲੈਣ ਦੀ ਮੰਗ ਕੀਤੀ।