ਐਨ.ਪੀ.ਧਵਨ
ਪਠਾਨਕੋਟ, 21 ਜੁਲਾਈ
ਸਿਵਲ ਹਸਪਤਾਲ ਦੇ ਮੇਨ ਗੇਟ ਬਾਹਰ ਨਜਾਇਜ਼ ਕਬਜ਼ੇ ਹਟਾਉਣ ਪੁੱਜੀ ਨਗਰ ਨਿਗਮ ਦੀ ਟੀਮ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਸੀ ਕਿ ਨਿਗਮ ਵੱਲੋਂ ਵਾਰ-ਵਾਰ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਨਗਰ ਨਿਗਮ ਦੀ ਟੀਮ ਵੱਲੋਂ ਜਿਉਂ ਹੀ ਹਸਪਤਾਲ ਗੇਟ ਦੇ ਬਾਹਰ ਲੱਗੀ ਸੋਡੇ ਦੀ ਰੇਹੜੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਰੇਹੜੀ ਚਾਲਕ ਚੇਤਨ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੇ ਲੱਖਾਂ ਰੁਪਏ ਖਰਚ ਕਰਕੇ ਐੱਮ.ਟੈਕ ਦੀ ਪੜ੍ਹਾਈ ਕੀਤੀ ਹੈ ਪਰ ਸਰਕਾਰ ਵੱਲੋਂ ਉਸ ਨੂੰ ਅਜੇ ਤੱਕ ਨੌਕਰੀ ਨਹੀਂ ਦਿੱਤੀ ਗਈ। ਇਸ ਕਰਕੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਰੇਹੜੀ ਲਗਾਉਣ ਨੂੰ ਮਜਬੂਰ ਹੈ ਪਰ ਉਸ ਨੂੰ ਰੇਹੜੀ ਵੀ ਨਹੀਂ ਲਗਾਉਣ ਦਿੱਤੀ ਜਾ ਰਹੀ। ਇਸੇ ਤਰ੍ਹਾਂ ਜੂਸ ਦੀ ਰੇਹੜੀ ਲਗਾਉਣ ਵਾਲੇ ਰਵੀ ਭੰਡਾਰੀ ਨੇ ਵੀ ਕਿਹਾ ਕਿ ਉਸ ਦੀਆਂ ਤਿੰਨ ਬੇਟੀਆਂ ਹਨ ਅਤੇ ਉਸ ਦੇ ਘਰ ਦਾ ਗੁਜ਼ਾਰਾ ਇਸ ਰੇਹੜੀ ਤੋਂ ਚਲਦਾ ਹੈ। ਗੇਟ ਦੇ ਬਾਹਰ ਫੜ੍ਹੀ ਲਗਾਉਣ ਵਾਲੀ ਇੱਕ ਹੋਰ ਔਰਤ ਬੇਬੀ ਨੇ ਅਜਿਹੀ ਵਿਥਿਆ ਬਿਆਨ ਕੀਤੀ।
ਕਬਜ਼ੇ ਹਟਾਉਣ ਪੁੱਜੇ ਨਗਰ ਨਿਗਮ ਦੇ ਇੰਸਪੈਕਟਰ ਮਨਦੀਪ ਸਿੰਘ ਡਿੰਪੀ ਦਾ ਕਹਿਣਾ ਸੀ ਕਿ ਉਹ ਹਸਪਤਾਲ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਪੁੱਜੇ ਸਨ। ਲੋਕਾਂ ਦੇ ਵਿਰੋਧ ਕਾਰਨ ਉਹ ਭਲਕੇ ਪੁਲੀਸ ਨੂੰ ਨਾਲ ਲੈ ਕੇ ਇਸ ਕਾਰਵਾਈ ਨੂੰ ਅਮਲ ਵਿੱਚ ਲਿਆਉਣਗੇ।