ਨਰਿੰਦਰ ਸਿੰਘ
ਭਿੱਖੀਵਿੰਡ, 5 ਜੂਨ
ਪਿੰਡ ਚੇਲਾ ਦੇ ਰਹਿਣ ਵਾਲੇ ਜੱਜਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸਦੇ ਪਿਤਾ ਵੱਲੋਂ 60-70 ਸਾਲ ਪਹਿਲਾਂ ਬੰਜਰ ਪੰਚਾਇਤੀ ਜ਼ਮੀਨ ਨੂੰ ਆਬਾਦ ਕੀਤਾ ਗਿਆ ਅਤੇ ਉਸ ਸਮੇਂ ਤੋਂ ਹੀ ਉਹ ਖੇਤੀ ਕਰਦੇ ਆ ਰਹੇ ਹਨ ਤੇ ਜਦੋਂ ਇਹ ਜ਼ਮੀਨ ਆਬਾਦ ਹੋ ਗਈ ਤਾਂ ਪੰਚਾਇਤ ਵੱਲੋਂ ਇਸ ’ਤੇ ਆਪਣਾ ਦਾਅਵਾ ਠੋਕ ਦਿੱਤਾ ਗਿਆ। ਉਨ੍ਹਾਂ ਕਾਨੂੰਨੀ ਲੜਾਈ ਲੜੀ ਅਤੇ ਅਦਾਲਤ ਨੇ ਇਸ ਜ਼ਮੀਨ ਲਈ 1407 ਰੁਪਏ ਕਿਰਾਇਆ ਵੀ ਉਨ੍ਹਾਂ ਨੂੰ ਲਗਾ ਦਿੱਤਾ ਜੋ ਉਹ ਅੱਜ ਵੀ ਅਦਾ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਸੈਸ਼ਨ ਕੋਰਟ ਦਾ ਡਿਗਰੀ ਸਟੇਅ ਆਰਡਰ ਵੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਇਸ ਗੱਲ ਕਰਕੇ ਜ਼ਲੀਲ ਅਤੇ ਪ੍ਰੇਸ਼ਾਨ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਅਕਾਲੀ ਦਲ ਨੂੰ ਵੋਟਾਂ ਪਈਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 30 ਕਨਾਲ 11 ਮਰਲੇ ਜ਼ਮੀਨ ਹੈ ਜਿਸ ਉੱਪਰ ਉਨ੍ਹਾਂ ਝੋਨਾ ਬੀਜਿਆ ਹੋਇਆ ਹੈ ਤੇ ਝੋਨਾ ਉੱਗ ਵੀ ਆਇਆ ਹੈ, ਪਰ ਪ੍ਰਸ਼ਾਸਨ ਉਨ੍ਹਾਂ ਦੀ ਇਸ ਜ਼ਮੀਨ ਦੀ ਬੋਲੀ ਕਰਨ ਲਈ ਬਜ਼ਿੱਦ ਹੈ। ਉਨ੍ਹਾਂ ਕਿਹਾ ਕਿ ਜੇਕਰ ਬੋਲੀ ਹੋਈ ਤਾਂ ਉਹ ਕਿਸਾਨ ਜਥੇਬੰਦੀਆਂ ਨਾਲ ਇਸਦਾ ਵਿਰੋਧ ਕਰਨਗੇ ਅਤੇ ਕਾਨੂੰਨੀ ਦਰਵਾਜ਼ਾ ਵੀ ਖੜਕਾਉਣਗੇ। ਬੋਲੀ ਕਰਵਾਉਣ ਪੁੱਜੇ ਬੀਡੀਪੀਓ ਭਿੱਖੀਵਿੰਡ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਨੇ ਬੋਲੀ ਕਰਵਾਉਣ ਲਈ ਭੇਜਿਆ ਹੈ ਜਿਸ ਕਾਰਨ ਉਹ ਪੰਚਾਇਤ ਦੀ ਹਾਜ਼ਰੀ ਵਿੱਚ ਬੋਲੀ ਕਰਵਾਉਣ ਪੁੱਜੇ ਸਨ ਪਰ ਜਦੋਂ ਬੋਲੀ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਪਰਿਵਾਰ ਸਮੇਤ ਪਿੰਡ ਵਾਸੀਆਂ ਵੱਲੋਂ ਇਸਦਾ ਵਿਰੋਧ ਸ਼ੁਰੂ ਹੋ ਗਿਆ। ਬੀਡੀਪੀਓ ਨੇ ਪੁਲੀਸ ਨਾ ਹੋਣ ਅਤੇ ਝਗੜਾ ਹੋਣ ਦੇ ਖਦਸ਼ੇ ਕਾਰਨ ਬੋਲੀ 8 ਜੂਨ ਤੱਕ ਮੁਲਤਵੀ ਕਰ ਦਿੱਤੀ। ਉਨ੍ਹਾਂ ਪੰਚਾਇਤ ਦੀ ਹਾਜ਼ਰੀ ਵਿੱਚ ਮਤਾ ਵੀ ਪਾਇਆ ਅਤੇ ਅਧਿਕਾਰੀ ਬੋਲੀ ਕਰਵਾਏ ਬਿਨਾਂ ਵਾਪਸ ਮੁੜ ਗਏ।