ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 15 ਅਕਤੂਬਰ
ਕਿਸਾਨਾਂ ਵੱਲੋਂ ਪਿਛਲੇ ਦੋ ਸਾਲਾਂ ਤੋਂ ਵੇਚੇ ਹੋਏ ਗੰਨੇ ਦੀਆਂ ਅਜੇ ਤੱਕ ਖੰਡ ਮਿੱਲਾਂ ਵੱਲੋਂ ਅਦਾਇਗੀਆਂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਮਿੱਲਾਂ ਨਾ ਚੱਲਣ ਦੇਣ ਦਾ ਐਲਾਨ ਕੀਤਾ ਹੈ।
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਕਮੇਟੀ ਦੇ ਆਗੂਆਂ ਨੇ ਭੈਣੀ ਮੀਆਂ ਖਾਂ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀਆਂ ਮਿੱਲਾਂ ਨੇ ਸਾਲ 2019 ਅਤੇ 2020 ਦੇ ਗੰਨੇ ਸੀਜ਼ਨ ਦੀਆਂ ਅਦਾਇਗੀਆਂ ਨਹੀਂ ਕੀਤੀਆਂ ਹਨ। ਅਜਿਹੀਆਂ ਗੰਨਾ ਮਿੱਲਾਂ ਨੂੰ ਇਸ ਸਾਲ ਸੀਜ਼ਨ ਵਿੱਚ ਗੰਨਾ ਪੀੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਾਨ ਆਗੂ ਸੋਹਣ ਸਿੰਘ ਗਿੱਲ ਅਤੇ ਜਸਬੀਰ ਸਿੰਘ ਗੁਰਾਇਆ ਨੇ ਦੱਸਿਆ ਕਿ ਇਕੱਲੇ ਕੀੜੀ ਅਫ਼ਗ਼ਾਨਾਂ ਮਿੱਲ ਵਾਲੇ ਕਿਸਾਨਾਂ ਦਾ 20 ਕਰੋੜ ਬਕਾਇਆ ਹੈ।
ਕਿਸਾਨਾਂ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀਆਂ ਸਰਕਾਰੀ ਖੰਡ ਮਿੱਲਾਂ ਵੱਲ ਵੀ 100 ਕਰੋੜ ਤੋਂ ਵੱਧ ਦੇ ਬਕਾਏ ਖੜ੍ਹੇ ਹਨ। ਇਸ ਤੋਂ ਇਲਾਵਾ ਮੁਕੇਰੀਆਂ ਮਿੱਲ ਨੇ ਵੀ ਸਾਲ 2020 ਦੇ 10 ਕਰੋੜ ਦੇ ਬਕਾਏ ਨਹੀਂ ਮੋੜੇ ਹਨ। ਇਸ ਲਈ ਕਿਸਾਨਾਂ ਦੀਆਂ ਅਦਾਇਗੀਆਂ ਨਾ ਕਰਨ ਵਾਲੀਆਂ ਮਿੱਲਾਂ ਨੂੰ ਹਰਗਿਜ਼ ਨਹੀਂ ਚੱਲਣ ਦਿੱਤਾ ਜਾਵੇਗਾ।