ਪੱਤਰ ਪ੍ਰੇਰਕ
ਤਰਨ ਤਾਰਨ, 13 ਅਪਰੈਲ
ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਠੱਠੀਆਂ ਮਹੰਤਾਂ ਵਾਸੀ ਦਿਲਬਾਗ ਸਿੰਘ ਉੱਤੇ ਉਸ ਦੇ ਵਿਰੋਧੀਆਂ ਨੇ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ| ਦਿਲਬਾਗ ਸਿੰਘ ਨੂੰ ਗੰਭੀਰ ਹਾਲਤ ਵਿੱਚ ਇਥੋਂ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੋਂ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ| ਇਕੱਤਰ ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਪਿੰਡ ਦੇ ਅੱਡੇ ਤੇ ਖੜ੍ਹਾ ਸੀ| ਉਸ ਦੇ ਵਿਰੋਧੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ| ਹਮਲਾਵਰਾਂ ਨੇ ਦਾਤਰਾਂ ਆਦਿ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਮੂੰਹ, ਸਿਰ ਅਤੇ ਸਰੀਰ ਦੇ ਹੋਰਨਾਂ ਭਾਗਾਂ ’ਤੇ ਕਈ ਵਾਰ ਕੀਤੇ ਜਿਸ ਨਾਲ ਉਸ ਦੀਆਂ ਬਾਹਾਂ ਤਾਂ ਇੱਕ ਤਰ੍ਹਾਂ ਨਾਲ ਅੱਧੇ ਤੋਂ ਵੀ ਵਧੇਰੇ ਕੱਟੀਆਂ ਗਈਆਂ| ਡੀਐੱਸਪੀ ਪੱਟੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਹਾਲੀ ਥਾਣਾ ਤੋਂ ਪੁਲੀਸ ਪਾਰਟੀ ਨੂੰ ਦਿਲਬਾਗ ਸਿੰਘ ਦੇ ਬਿਆਨ ਦਰਜ ਕਰਨ ਲਈ ਅੰਮ੍ਰਿਤਸਰ ਦੇ ਹਸਪਤਾਲ ਭੇਜਿਆ ਗਿਆ ਸੀ ਜਿਥੇ ਡਾਕਟਰਾਂ ਨੇ ਉਸ ਨੂੰ ਬਿਆਨ ਦੇਣ ਤੋਂ ਅਸਮਰਥ ਦੱਸਿਆ ਹੈ|
ਇਕੱਤਰ ਸੂਚਨਾ ਅਨੁਸਾਰ ਕੁੱਝ ਹਮਲਾਵਰਾਂ ਦੀ ਸ਼ਨਾਖਤ ਉਸੇ ਪਿੰਡ ਦੇ ਅਜੀਤ ਸਿੰਘ, ਉਸ ਦੇ ਭਰਾ ਭਿੰਦਰ ਸਿੰਘ, ਲਵਪ੍ਰੀਤ ਸਿੰਘ ਦੇ ਤੌਰ ਤੇ ਕੀਤੀ ਗਈ ਹੈ। ਡੀਐੱਸਪੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦਿਲਬਾਗ ਸਿੰਘ ਨੇ ਵੀ ਅਜੀਤ ਸਿੰਘ ਦੇ ਘਰ ਜਾ ਕੇ ਉਸ ਉੱਤੇੇ ਹਮਲਾ ਕੀਤਾ ਸੀ।ਇਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਨਿਜੀ ਦੁਸ਼ਮਣੀ ਪੈਦਾ ਹੋ ਗਈ।