ਨਰਿੰਦਰ ਸਿੰਘ
ਭਿੱਖੀਵਿੰਡ, 26 ਮਈ
ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਜਵੰਦਾ ਵਿੱਚ ਅੱਜ ਜ਼ਮੀਨ ਵਿੱਚ ਵੱਟ ਪਾਉਣ ਦੇ ਝਗੜੇ ਤੋਂ ਦੋ ਧਿਰਾਂ ਵਿੱਚ ਆਪਸੀ ਵਿਵਾਦ ਹੋ ਗਿਆ ਤੇ ਇੱਕ ਧਿਰ ਦੇ ਬੰਦਿਆਂ ਨੇ ਦੂਜੀ ਧਿਰ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਜਦੋਂ ਕਿ ਦੂਜੀ ਧਿਰ ਦੇ ਵਿਅਕਤੀ ਦੀ ਕੁੱਟਮਾਰ ਕਰਨ ਬਾਰੇ ਪਤਾ ਲੱਗਾ ਹੈ ਅਤੇ ਉਹ ਵੀ ਜ਼ਖਮੀ ਹੈ।ਇਸ ਸਬੰਧੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁਰਾਣਾ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਹੈ। ਅੱਜ ਦੂਜੀ ਧਿਰ ਦੇ ਕੁੱਝ ਲੋਕਾਂ ਵੱਟ ਨੂੰ ਲੈਕੇ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਥੋੜ੍ਹੀ ਦੇਰ ਵਿੱਚ ਆਪਣੇ ਸਾਥੀਆਂ ਨੂੰ ਬੁਲਾਕੇ ਉਨ੍ਹਾਂ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇੱਕ ਗੋਲੀ ਉਸ ਦੇ ਮੋਢੇ ਉੱਤੇ ਲੱਗੀ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਸ ਬਾਰੇ ਦੂਜੇ ਜ਼ਖ਼ਮੀ ਗੁਰਨੇਕ ਸਿੰਘ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਵਿੱਚ ਕੰਮ ਕਰ ਰਿਹਾ ਸੀ ਕਿ ਇਨ੍ਹਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਚੌਕੀ ਇੰਚਾਰਜ ਨੌਸ਼ਹਿਰਾ ਪੰਨੂੰਆਂ ਗੱਜਣ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਧਿਰਾਂ ਦਾ ਆਪਸੀ ਪੁਰਾਣਾ ਝਗੜਾ ਹੈ ਜਿਸ ਵਿੱਚ ਗੋਲੀ ਚੱਲਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੈ, ਜਦ ਕਿ ਦੂਜੀ ਧਿਰ ਦਾ ਵੀ ਇਕ ਵਿਅਕਤੀ ਜਿਸ ਨੂੰ ਗੁਝੀਆਂ ਸੱਟਾਂ ਹਨ, ਉਹ ਹਸਪਤਾਲ ਵਿਚ ਦਾਖ਼ਲ ਹੈ। ਉਨ੍ਹਾਂ ਕਿਹਾ ਕਿ ਜੋ ਵੀ ਮੈਡੀਕਲ ਰਿਪੋਰਟ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।