ਮਕਬੂਲ ਅਹਿਮਦ
ਕਾਦੀਆਂ, 20 ਮਾਰਚ
ਅੱਜ ਰਾਤ ਲਗਪਗ ਅੱਠ ਵਜੇ ਕੁਝ ਲੁਟੇਰਿਆਂ ਨੇ ਲੁੱਟਣ ਦੇ ਮਕਸਦ ਨਾਲ ਇੱਕ ਵਿਅਕਤੀ ਨੂੰ ਦਾਤਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਸਬੰਧ ਵਿੱਚ ਪੀੜਤ ਵਿਅਕਤੀ ਬਸ਼ਾਰਤ ਅਹਿਮਦ ਪੁੱਤਰ ਨਜ਼ੀਰ ਅਹਿਮਦ ਵਾਸੀ ਮੁਹੱਲਾ ਅਹਿਮਦੀਆ ਕਾਦੀਆਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਸੈਰ ਕਰ ਰਿਹਾ ਸੀ। ਜਦੋਂ ਉਹ ਜਲਸਾ ਸਾਲਾਨਾ ਹਾਲ ਦੇ ਨੇੜੇ ਪਹੁੰਚਿਆ ਤਾਂ ਦੋ ਮੋਟਰਸਾਈਕਲ ਸਵਾਰ ਯੁਵਕ ਉਸ ਦੇ ਕੋਲ ਆਏ ਅਤੇ ਦਾਤਰ ਨਾਲ ਹਮਲਾ ਕਰ ਦਿੱਤਾ ਅਤੇ ਕਿਹਾ ਕਿ ਜੋ ਕੁਝ ਉਸ ਦੇ ਕੋਲ ਹੈ ਉਨ੍ਹਾਂ ਦੇ ਸਪੁਰਦ ਕਰ ਦੇਵੇ। ਉਸ ਨੇ ਆਪਣਾ ਮੋਬਾਈਲ ਕੱਢ ਕੇ ਉਨ੍ਹਾਂ ਨੂੰ ਦੇ ਦਿੱਤਾ। ਪਰ ਇਨ੍ਹਾਂ ਨੌਜਵਾਨਾਂ ਨੇ ਉਸ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇੱਸ ਘਟਨਾ ’ਚ ਉਸ ਦਾ ਹੱਥ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੇ ਯੁਵਕਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਕੁਝ ਨੌਜਵਾਨਾਂ ਨੇ ਇੱਕ ਮੋਟਰਸਾਈਕਲ ਸਵਾਰ ਲੁਟੇਰੇ ਨੂੰ ਕਾਬੂ ਕਰ ਲਿਆ ਜਦੋਂਕਿ ਉਸ ਦਾ ਦੂਜਾ ਸਾਥੀ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਉਹ ਪੀੜਤ ਦਾ ਮੋਬਾਈਲ ਵੀ ਆਪਣੇ ਨਾਲ ਲੈ ਗਿਆ ਹੈ। ਫ਼ੜੇ ਗਏ ਲੁਟੇਰੇ ਨੂੰ ਕਾਦੀਆਂ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਿਹੜਾ ਨੌਜਵਾਨ ਫ਼ੜਿਆ ਗਿਆ ਹੈ ਉਸ ਦੀ ਪਛਾਣ ਰਣਜੋਤ ਸਿੰਘ ਵਜੋਂ ਹੋਈ ਹੈ। ਜਦੋਂਕਿ ਫ਼ਰਾਰ ਯੁਵਕ ਦੀ ਪਛਾਣ ਸਿਮਰ ਵਜੋਂ ਹੋਈ ਹੈ। ਦੋਂਵੇ ਲੁਟੇਰੇ ਭਰਤ ਦੇ ਰਹਿਣ ਵਾਲੇ ਹਨ। ਦੂਜੇ ਪਾਸੇ ਪੁਲੀਸ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕਰ ਰਹੀ ਹੈ।