ਹਰਜੀਤ ਸਿੰਘ ਪਰਮਾਰ
ਬਟਾਲਾ, 3 ਜੁਲਾਈ
ਅੱਜ ਤੜਕੇ ਕਰੀਬ 4 ਵਜੇ ਸਥਾਨਕ ਅੰਮ੍ਰਿਤਸਰ-ਗੁਰਦਾਸਪੁਰ ਬਾਈਪਾਸ ’ਤੇ ਡੀਜ਼ਲ ਦੇ ਭਰੇ ਇੱਕ ਟੈਂਕਰ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਿਵਲ ਲਾਈਨਜ਼ ਦੀ ਪੁਲੀਸ ਘਟਨਾ ਸਥਾਨ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਵਿੱਚ ਪੋਸਟ ਮਾਰਟਮ ਲਈ ਭੇਜ ਦਿੱਤਾ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਦਾ ਸਹੁਰਾ ਸਰਦੂਲ ਸਿੰਘ (60) ਵਾਸੀ ਤਲਵੰਡੀ ਗੋਰਾਇਆ ਟਰੈਕਟਰ-ਟਰਾਲੀ ਲੈ ਕੇ ਅੰਮ੍ਰਿਤਸਰ ਤੋਂ ਬਟਾਲਾ ਵੱਲ ਆ ਰਿਹਾ ਸੀ ਕਿ ਜਦੋਂ ਉਹ ਅੰਮ੍ਰਿਤਸਰ-ਗੁਰਦਾਸਪੁਰ ਬਾਈਪਾਸ ਦੇ ਨੇੜੇ ਪਹੁੰਚਿਆ ਤਾਂ ਪਿਛਲੇ ਪਾਸਿਉਂ ਆ ਰਹੇ ਇੱਕ ਟੈਂਕਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਟਰੈਕਟਰ ਚਾਲਕ ਸਰਦੂਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿਵਲ ਲਾਈਨਜ਼ ’ਚ ਟੈਂਕਰ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
ਅੰਮ੍ਰਿਤਸਰ: (ਟ੍ਰਿਬਿਊਨ ਨਿਊਜ਼ ਸਰਵਿਸ): ਸਥਾਨਕ ਲੇਬਰ ਚੌਕ ਵਿਚ ਤੇਜ਼ ਗਤੀ ਨਾਲ ਆ ਰਹੀ ਟਰੈਕਟਰ ਟਰਾਲੀ ਵਲੋਂ ਟੱਕਰ ਮਾਰਨ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਸ਼ਨਾਖਤ ਰਾਜ ਕੁਮਾਰ ਵਜੋਂ ਹੋਈ ਹੈ। ਥਾਣਾ ਕਨਟੋਨਮੈਂਟ ਦੀ ਪੁਲੀਸ ਨੇ ਇਸ ਸਬੰਧ ਵਿਚ ਮਨਦੀਪ ਖੋਖਰ ਦੀ ਸ਼ਿਕਾਇਤ ਦੇ ਆਧਾਰ ’ਤੇ ਲਵਜੀਤ ਸਿੰਘ ਉਰਫ ਲਵ ਵਾਸੀ ਪਿੰਡ ਪੱਧਰੀ ਖਿਲਾਫ ਆਈਪੀਸੀ ਦੀ ਧਾਰਾ 304 ਏ, 427 ਹੇਠ ਕੇਸ ਦਰਜ ਕੀਤਾ ਹੈ।