ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 30 ਅਕਤੂਬਰ
ਇੱਥੋਂ ਨਜ਼ਦੀਕੀ ਪਿੰਡ ਗਹਿਰੀ ਮੰਡੀ ਦੇ ਪੈਟਰੋਲ ਪੰਪ ਜੋ ਗਹਿਰੀ ਮੰਡੀ ਤੋਂ ਦਸਮੇਸ਼ ਨਗਰ ਨੂੰ ਜਾਣ ਵਾਲੀ ਸੜਕ ਉੱਪਰ ਸਥਿਤ ਹੈ, ਉੱਤੇ ਹੋਏ ਝਗੜੇ ਵਿੱਚ ਪੈਟਰੋਲ ਪੰਪ ਮਾਲਕ ਦੇ ਇੱਕ ਲੜਕੇ ਦਾ ਕਤਲ ਹੋ ਗਿਆ ਜਦਕਿ ਦੂਸਰਾ ਗੰਭੀਰ ਜ਼ਖ਼ਮੀ ਹੋ ਗਿਆ। ਇਸ ਪੈਟਰੋਲ ਪੰਪ ਦੇ ਕੁੱਲ ਤਿੰਨ ਭਾਈਵਾਲ ਸਨ ਜਿਨ੍ਹਾਂ ਵਿੱਚ ਪਿਛਲੇ ਕੁਝ ਸਮੇਂ ਤੋਂ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਪਤਾ ਲੱਗਾ ਹੈ ਕਿ ਪਿਛਲੇ ਮਹੀਨੇ ਹੀ ਪਿੰਡ ਦੇ ਮੋਹਤਬਰ ਲੋਕਾਂ ਨੇ ਬੈਠ ਕੇ ਇਸ ਦੀ ਵੰਡ ਕਰ ਦਿੱਤੀ ਸੀ। ਇਸ ਵੰਡ ਵਿੱਚ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਦਾ ਕੁੱਲ 50 ਫੀਸਦ ਹਿੱਸਾ ਜਦਕਿ ਦੂਸਰੇ ਦੋ ਭਾਈਵਾਲਾਂ ਦਾ 25-25 ਫ਼ੀਸਦ ਹਿੱਸਾ ਸੀ। ਅੱਜਕੱਲ੍ਹ ਵਿਕਰਮਜੀਤ ਸਿੰਘ ਅਤੇ ਉਸ ਦਾ ਭਰਾ ਦਿਲਰਾਜ ਸਿੰਘ ਪੈਟਰੋਲ ਪੰਪ ਸੰਭਾਲਦੇ ਸਨ। ਤੀਸਰੇ ਭਾਈਵਾਲ ਦਾ ਪੁੱਤਰ ਜੁਗਰਾਜ ਸਿੰਘ ਜੋ ਕਿ ਕਰੀਬ ਇੱਕ ਮਹੀਨਾ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ, ਸ਼ਾਮ ਨੂੰ ਕਰੀਬ 6 ਵਜੇ ਤੇਲ ਪਵਾਉਣ ਬਹਾਨੇ ਪੈਟਰੋਲ ਪੰਪ ’ਤੇ ਆਇਆ। ਇਸ ਦੌਰਾਨ ਜਦੋਂ ਵਿਕਰਮਜੀਤ ਸਿੰਘ ਪੈਟਰੋਲ ਪਾਉਣ ਲੱਗਾ ਤਾਂ ਉਸ ਨੇ ਕਿਰਚ ਨਾਲ ਉਸ ਦੇ ਪੇਟ ਵਿੱਚ ਹਮਲਾ ਕਰ ਦਿੱਤਾ। ਜਦੋਂ ਵਿਕਰਮਜੀਤ ਦਾ ਭਰਾ ਦਿਲਰਾਜ ਸਿੰਘ ਉਸ ਨੂੰ ਬਚਾਉਣ ਲਈ ਆਇਆ ਤਾਂ ਉਸ ਉੱਪਰ ਵੀ ਕਿਰਚ ਨਾਲ ਹਮਲਾ ਕਰ ਦਿੱਤਾ। ਦੋਹਾਂ ਜ਼ਖਮੀਆਂ ਨੂੰ ਤੁਰੰਤ ਜੰਡਿਆਲਾ ਗੁਰੂ ਦੇ ਇਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਵਿਕਰਮਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਦਿਲਰਾਜ ਸਿੰਘ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਹਸਪਤਾਲ ਵਿੱਚ ਭੇਜਿਆ ਗਿਆ। ਜਗਰਾਜ ਸਿੰਘ ਵਾਰਦਾਤ ਕਰਨ ਉਪਰੰਤ ਮੌਕੇ ਤੋਂ ਫ਼ਰਾਰ ਹੋ ਗਿਆ। ਜੰਡਿਆਲਾ ਗੁਰੂ ਥਾਣੇ ਦੇ ਐੱਸਐੱਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦਾਤਰ ਨਾਲ ਹਮਲਾ ਕਰ ਕੇ ਨੌਜਵਾਨ ਨੂੰ ਜ਼ਖ਼ਮੀ ਕੀਤਾ
ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਆਨੰਦਪੁਰ ਕੁੱਲੀਆਂ ਦੇ ਚੌਕ ਵਿੱਚ ਖੜ੍ਹੇ ਇੱਕ ਨੌਜਵਾਨ ’ਤੇ ਦਾਤਰ ਅਤੇ ਬੇਸਬਾਲ ਦੇ ਬੱਲੇ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਜ਼ਖ਼ਮੀ ਨੌਜਵਾਨ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਸਿਰ ਵਿੱਚ ਡੂੰਘੀ ਸੱਟ ਵੱਜੀ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਜ਼ਖਮੀ ਨੌਜਵਾਨ ਹਰੀਸ਼ ਵਾਸੀ ਆਨੰਦਪੁਰ ਕੁੱਲੀਆਂ ਨੂੰ ਸਿੰਬਲ ਚੌਕ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ। ਜ਼ਖ਼ਮੀ ਹਰੀਸ਼ ਨੇ ਦੱਸਿਆ ਕਿ ਉਹ ਡੇਅਰੀ ਚਲਾਉਂਦਾ ਹੈ। ਉਹ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਟਹਿਲਣ ਲਈ ਘਰ ਤੋਂ ਬਾਹਰ ਆ ਗਿਆ। ਉਹ ਚੌਕ ਵਿੱਚ ਖੜ੍ਹ ਕੇ ਫੋਨ ਸੁਣ ਰਿਹਾ ਸੀ ਤਾਂ ਇਸ ਦੌਰਾਨ ਸਕੂਟੀ ’ਤੇ ਦੋ ਨੌਜਵਾਨ ਆਏ ਅਤੇ ਉਨ੍ਹਾਂ ਸਕੂਟੀ ਉਸ ਦੀਆਂ ਲੱਤਾਂ ਵਿੱਚ ਲਿਆ ਮਾਰੀ। ਉਸ ਨੇ ਉਨ੍ਹਾਂ ਨੌਜਵਾਨਾਂ ਨੂੰ ਸਕੂਟੀ ਧਿਆਨ ਨਾਲ ਚਲਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਉਸ ਨਾਲ ਬਹਿਸ ਸ਼ੁਰੂ ਕਰ ਦਿੱਤੀ। ਉਨ੍ਹਾਂ ਨੌਜਵਾਨਾਂ ਨੇ ਆਪਣੇ ਸਾਥੀਆਂ ਨੂੰ ਮੌਕੇ ’ਤੇ ਸੱਦਿਆ ਅਤੇ ਉਸ ਉੱਪਰ ਬੇਸਬਾਲ ਦੇ ਬੱਲੇ ਅਤੇ ਦਾਤਰ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਉਹ ਲਹੂ-ਲੁਹਾਨ ਹੋ ਗਿਆ ਤਾਂ ਹਮਲਾਵਰ ਭੱਜ ਗਏ।