ਹਰਜੀਤ ਸਿੰਘ ਪਰਮਾਰ
ਬਟਾਲਾ, 25 ਦਸੰਬਰ
ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਸ਼ਾਹ ਮਾਰਗ ’ਤੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਡੇਢ ਦਰਜਨ ਤੋਂ ਵੱਧ ਵਾਹਨ ਆਪਸ ਵਿੱਚ ਟਕਰਾਅ ਗਏ ਜਿਸ ਕਾਰਨ ਅੱਧੀ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਵਾਹਨਾਂ ਵਿੱਚ ਫਸੇ ਲੋਕਾਂ ਨੂੰ ਕੱਢ ਕੇ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ ਅਤੇ ਹਾਦਸਾਗ੍ਰਸਤ ਹੋਈਆਂ ਕਾਰਾਂ ਅਤੇ ਟਰੱਕਾਂ ਨੂੰ ਹਟਾ ਕੇ ਆਵਾਜਾਈ ਲਈ ਰਸਤਾ ਸਾਫ਼ ਕਰਵਾਇਆ। ਪੁਲੀਸ ਚੌਂਕੀ ਸੇਖੂਪੁਰ ਦੇ ਇੰਚਾਰਜ ਏਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਅੱਜ ਸੰਘਣੀ ਧੁੰਦ ਕਾਰਨ ਅੰਮ੍ਰਿਤਸਰ-ਪਠਾਨਕੋਟ ’ਤੇ ਸਥਿਤ ਪਿੰਡ ਸੇਖੂਪੁਰ ਨੇੜੇ 22 ਦੇ ਕਰੀਬ ਕਾਰਾਂ, ਟਰੱਕ, ਬੱਸਾਂ ਆਪਸ ਵਿੱਚ ਟਕਰਾ ਗਏ ਜਿਸ ਕਾਰਨ ਅੱਧੀ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਇੱਕ ਟਰਾਲੇ ਨਾਲ ਟਕਰਾ ਕੇ ਉਸ ਦੀ ਕਾਰ ਹੇਠਾਂ ਫਸ ਗਈ ਤੇ ਕਾਰ ਵਿੱਚ ਸਵਾਰ ਵਿਅਕਤੀਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਜਿਸ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਇਕ ਟਰੱਕ ਜੋ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਿਹਾ ਸੀ, ਟਰਾਲੇ ਨਾਲ ਟਕਰਾਅ ਗਿਆ ਜਿਸ ਕਾਰਨ ਟਰੱਕ ਦਾ ਚਾਲਕ ਬੁਰੀ ਤਰ੍ਹਾਂ ਵਿੱਚ ਫਸ ਗਿਆ ਜਿਸ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ। ਉਨਾਂ ਦੱਸਿਆ ਕਿ ਸੰਘਣੀ ਧੁੰਦ ਕਾਰਨ ਹੋਏ ਇਸ ਹਾਦਸੇ ਕਾਰਨ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਕਾਫੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਨੂੰ ਲੈਣ ਗਈ ਐਂਬੂਲੈਂਸ 108 ਨੂੰ ਵੀ ਇਕ ਟਰੱਕ ਨੇ ਟੱਕਰ ਮਾਰ ਕੇ ਭੰਨ ਦਿੱਤਾ।
ਧੁੰਦ ਕਾਰਨ ਬੰਗਾ ’ਚ ਹਾਦਸਾ
ਬੰਗਾ (ਪੱਤਰ ਪੇ੍ਰਕ): ਇੱਥੇ ਫ਼ਗਵਾੜਾ ਵਲੋਂ ਪ੍ਰਵੇਸ਼ ਕਰਦੇ ਚਾਰ ਮਾਰਗੀ ਸੜਕ ’ਤੇ ਰੱਖੇ ਬੈਕੀਕੇਡਾਂ ਕੋਲ ਹਾਦਸੇ ਲਗਾਤਾਰ ਵਾਪਰ ਰਹੇ ਹਨ। ਅੱਜ ਵੀ ਸਵੇਰੇ ਸੰਘਣੀ ਧੁੰਦ ਕਾਰਨ ਕਈ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ।