ਪੱਤਰ ਪ੍ਰੇਰਕ
ਪਠਾਨਕੋਟ, 17 ਸਤੰਬਰ
ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 72ਵੇਂ ਜਨਮ ਦਿਨ ਦੀ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਜਪਾ ਸਿਰਫ਼ ਸਿਆਸਤ ਨਹੀਂ, ਲੋਕ ਸੇਵਾ ਵੀ ਕਰਦੀ ਹੈ। ਉਹ ਅੱਜ ਇਥੇ ਸਿਵਲ ਹਸਪਤਾਲ ਵਿੱਚ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖ਼ੂਨਦਾਨ ਕਰਕੇ ਸਮਾਜ ਭਲਾਈ ਦੇ ਇਸ ਕਾਰਜ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਹਰ ਸਾਲ ਸੇਵਾ ਪੰਦਰਵਾੜਾ ਮਨਾਇਆ ਜਾਂਦਾ ਹੈ, ਜਿਸ ਵਿੱਚ ਦੇਸ਼ ਭਰ ’ਚ ਭਾਜਪਾ ਵਰਕਰ ਆਪੋ-ਆਪਣੇ ਖੇਤਰਾਂ ਵਿੱਚ 15 ਦਿਨਾਂ ਤੱਕ ਵੱਖ-ਵੱਖ ਸੇਵਾ ਕਾਰਜ ਕਰਦੇ ਹਨ। ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਪੂਰੇ ਪੰਜਾਬ ਅੰਦਰ ਖੂਨਦਾਨ ਕੈਂਪ ਲਗਾ ਕੇ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ ਹੈ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਸਬੰਧ ਵਿੱਚ ਅੱਜ ਇੱਥੇ ਭਾਜਪਾ ਦੀ ਜ਼ਿਲ੍ਹਾ ਇਕਾਈ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਹੈ। ਇਸੇ ਤਰ੍ਹਾਂ ਭਾਜਪਾ ਯੁਵਾ ਮੋਰਚਾ ਵੱਲੋਂ ਵੱਖਰਾ ਖ਼ੂਨਦਾਨ ਕੈਂਪ ਲਾਇਆ ਗਿਆ। ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਨੇ ਦੱਸਿਆ ਕਿ ਭਾਜਪਾ ਵੱਲੋਂ ਅੱਜ ਵੱਖ ਵੱਖ ਥਾਵਾਂ ’ਤੇ ਪੰਜ ਖੂਨਦਾਨ ਕੈਂਪ ਲਾਏ ਗਏ।
ਆਦਮਪੁਰ ਦੋਆਬਾ(ਜਲੰਧਰ) (ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 72ਵੇਂ ਜਨਮ ਦਿਨ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਦੇਖ-ਰੇਖ ਹੇਠ ਜਲੰਧਰ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ।