ਨਰਿੰਦਰ ਸਿੰਘ
ਭਿੱਖੀਵਿੰਡ, 8 ਜੂਨ
ਭਿੱਖੀਵਿੰਡ ਦੇ ਨਜ਼ਦੀਕੀ ਪਿੰਡ ਚੇਲਾ ਦੇ ਰਹਿਣ ਵਾਲੇ ਜੱਜਬੀਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਵੱਲੋਂ 60-70 ਸਾਲ ਪਹਿਲਾਂ 30 ਕਨਾਲ 11 ਮਰਲੇ ਬੰਜਰ ਪੰਚਾਇਤੀ ਜ਼ਮੀਨ ਨੂੰ ਆਬਾਦ ਕੀਤਾ ਗਿਆ ਤੇ ਉਸ ਸਮੇਂ ਤੋਂ ਹੀ ਉਹ ਖੇਤੀ ਕਰਦੇ ਆ ਰਹੇ ਹਨ। ਜਦੋਂ ਇਹ ਜ਼ਮੀਨ ਆਬਾਦ ਹੋ ਗਈ ਤਾਂ ਪੰਚਾਇਤ ਵੱਲੋਂ ਇਸ ਜ਼ਮੀਨ ’ਤੇ ਆਪਣਾ ਦਾਅਵਾ ਠੋਕ ਦਿੱਤਾ ਗਿਆ। ਜਿਸ ’ਤੇ ਉਨ੍ਹਾਂ ਕਾਨੂੰਨੀ ਲੜਾਈ ਲੜੀ ਤੇ ਅਦਾਲਤ ਨੇ ਜ਼ਮੀਨ 1407 ਰੁਪਏ ਕਿਰਾਇਆ ਵੀ ਉਨ੍ਹਾਂ ਨੂੰ ਲਗਾ ਦਿੱਤਾ ਜੋ ਅੱਜ ਵੀ ਉਹ ਅਦਾ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਸੈਸ਼ਨ ਕੋਰਟ ਦਾ ਡਿਗਰੀ ਸਟੇਅ ਆਡਰ ਵੀ ਹੈ, ਪਰ ਉਸਦੇ ਬਾਵਜੂਦ ਪ੍ਰਸ਼ਾਸਨ ਧੱਕੇ ਨਾਲ ਉਨ੍ਹਾਂ ਨੂੰ ਇਸ ਕਰਕੇ ਜ਼ਲੀਲ ਤੇ ਪ੍ਰੇਸ਼ਾਨ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਅਕਾਲੀ ਦਲ ਨੂੰ ਵੋਟਾਂ ਪਈਆਂ ਸਨ। ਉਨ੍ਹਾਂ ਕਿਹਾ ਜਿਸ ਜ਼ਮੀਨ ਦੀ ਪ੍ਰਸ਼ਾਸਨ ਬੋਲੀ ਕਰਵਾਉਣੀ ਚਾਹੁੰਦਾ ਹੈ, ਉਸ ਉੱਪਰ ਉਨ੍ਹਾਂ ਝੋਨਾ ਬੀਜਿਆ ਹੋਇਆ ਹੈ ਤੇ ਝੋਨਾ ਉੱਗ ਵੀ ਆਇਆ ਹੈ, ਪਰ ਪ੍ਰਸ਼ਾਸਨ ਫਿਰ ਵੀ ਸਰਕਾਰ ਤੇ ਮੰਤਰੀ ਦੇ ਇਸ਼ਾਰੇ ’ਤੇ ਉਨ੍ਹਾਂ ਦੀ ਇਸ ਜ਼ਮੀਨ ਦੀ ਬੋਲੀ ਕਰਨ ਲਈ ਬਜ਼ਿਦ ਹੈ। ਉਨ੍ਹਾਂ ਕਿਹਾ ਕਿ ਜੇ ਬੋਲੀ ਹੋਈ ਤਾਂ ਉਹ ਪ੍ਰਸ਼ਾਸਨ ਦੇ ਅਧਿਕਾਰੀਆਂ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ। ਇਸ ਮੌਕੇ ਜਨਤਕ ਜਥੇਬੰਦੀਆਂ ਵੱਲੋਂ ਕਿਸਾਨ ਦੇ ਹੱਕ ’ਚ ਪ੍ਰਸ਼ਾਸਨ ਅਧਿਕਾਰੀਆਂ ਅੱਗੇ ਧਰਨਾ ਦਿੱਤਾ ਗਿਆ। ਮੌਕੇ ’ਤੇ ਪੁੱਜੇ ਬੀਡੀਪੀਓ ਭਿੱਖੀਵਿੰਡ ਗੁਰਨਾਮ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਨੇ ਬੋਲੀ ਕਰਵਾਉਣ ਲਈ ਭੇਜਿਆ ਹੈ। ਮੌਕੇ ’ਤੇ ਪਟਵਾਰੀ ਹਰਪ੍ਰਤਾਪ ਸਿੰਘ ਤੋਂ ਜਦੋਂ ਪੁੱਛਿਆ ਗਿਆ ਕਿ ਜ਼ਮੀਨ ਪੰਚਾਇਤ ਦੇ ਨਾਂ ਹੈ ਤਾਂ ਉਨ੍ਹਾਂ ਕਿਹਾ ਕਿ ਦਰਜ ਰਿਕਾਰਡ ’ਚ ਕਾਸ਼ਤਕਾਰ ਨਾਂ ਬੋਲਦਾ ਹੈ। ਅਖੀਰ, ਬੀਡੀਪੀਓ ਨੇ ਮੌਕੇ ’ਤੇ ਸਰਪੰਚ ਹਾਜ਼ਰ ਨਾ ਹੋਣ ਕਾਰਨ ਬੋਲੀ ਮੁਲਤਵੀ ਕਰ ਦਿੱਤੀ। ਇਹ ਬੋਲੀ ਦੂਜੀ ਵਾਰ ਮੁਲਤਵੀ ਹੋਈ ਹੈ।