ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 19 ਜੂਨ
ਪਿਛਲੇ ਮਹੀਨੇ ਤੋਂ ਦਰਿਆ ਬਿਆਸ ਦੇ ਪੱਕੇ ਬੰਨ੍ਹ ਦੀ ਉਸਾਰੀ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਛਿੜਿਆ ਵਿਵਾਦ ਮਸਲਾ ਹੱਲ ਨਾ ਹੋਣ ਕਾਰਨ ਹੋਰ ਭਖਦਾ ਜਾ ਰਿਹਾ। ਅੱਜ ਧੁੱਸੀ ਬੰਨ੍ਹ ’ਤੇ ਕਿਸਾਨਾਂ ਤੇ ਪ੍ਰਸ਼ਾਸਨਿਕ ਅਧਿਕਾਰੀਆ ਵਿਚਕਾਰ ਮਾਹੌਲ ਉਸ ਵੇਲੇ ਗਰਮਾ ਗਿਆ ਜਦ ਬੰਨ੍ਹ ਨੂੰ ਪੱਕਾ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ ਆਏ ਤਹਿਸੀਲਦਾਰ ਮੁਕੇਸ਼ ਕੁਮਾਰ ਅਤੇ ਡਰੇਨ ਵਿਭਾਗ ਦੇ ਐੱਸਡੀਓ ਰੋਹਿਤ ਪ੍ਰਭਾਕਰ ਅਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੂੰ ਕਿਸਾਨਾਂ ਦੇ ਸਖ਼ਤ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ। ਇਸ ਮੌਕੇ ਧਰਨਾ ਦੇ ਰਹੇ ਕਿਸਾਨਾ ਨੇ ਪ੍ਰਸ਼ਾਸਨਿਕ ਅਧਿਕਾਰੀਆ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇ ਪ੍ਰਸ਼ਾਸਨ ਨੇ ਜ਼ਬਰਦਸਤੀ ਬੰਨ੍ਹ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਤਮਦਾਹ ਕਰਨ ਲਈ ਮਜਬੂਰ ਹੋ ਜਾਣਗੇੇੇ। ਇਸ ਮੌਕੇ ਕਿਸਾਨਾਂ ਵੱਲੋਂ ਧੁੱਸੀ ਬੰਨ੍ਹ ’ਤੇ ਗੁਰੂ ਗ੍ਰੰਥ ਸਾਹਿਬ ਰੱਖ ਕੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਹੈ ਕਿ ਜੇ ਸਰਕਾਰ ਨੇ ਸਾਡੀਆਂ ਜ਼ਮੀਨਾਂ ’ਤੇ ਬੰਨ੍ਹ ਬਣਾਉਣਾ ਹੈ ਤਾਂ ਜ਼ਮੀਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਲਾਲਚ ਦੇ ਕੇ ਧਰਨਾ ਖ਼ਤਮ ਕਰਾਉਣਾ ਚਾਹੁੰਦੈ ਪ੍ਰਸ਼ਾਸਨ: ਕਿਸਾਨ
ਧੁੱਸੀ ਬੰਨ੍ਹ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਨਿਰਵੈਲ ਸਿੰਘ ਨੇ ਦੋਸ਼ ਲਗਾਉਂਦੇ ਕਿਹਾ ਕਿ ਧਰਨਾ ਖਤਮ ਕਰਨ ਲਈ ਪ੍ਰਸ਼ਾਸਨ ਦੇ ਅਧਿਕਾਰੀ ਸਾਨੂੰ ਕੁੱਝ ਆਗੂਆ ਨੂੰ ਪੈਸਿਆਂ ਅਤੇ ਦਰਿਆ ਬਿਆਸ ਵਿੱਚੋਂ ਰੇਤੇ ਦੀ ਮਾਈਨਿੰਗ ਕਰਨ ਦਾ ਲਾਲਚ ਦੇ ਰਹੇ ਹਨ।