ਐੱਨਪੀ ਧਵਨ
ਪਠਾਨਕੋਟ, 23 ਜੂਨ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ਤੇ ਜ਼ਿਲ੍ਹਾ ਇਕਾਈ ਵਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਅਤੇ 6ਵੇਂ ਤਨਖਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਦੇ ਖਿਲਾਫ਼ ਦਫਤਰਾਂ ਦਾ ਬਾਈਕਾਟ ਕਰਕੇ ਮੁਕੰਮਲ ਕਲਮ ਛੱਡੋ ਹੜਤਾਲ ਕੀਤੀ ਗਈ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰਣਜੀਤ ਸਾਗਰ ਡੈਮ ’ਤੇ ਕੀਤੇ ਗਏ ਪ੍ਰਦਰਸ਼ਨ ਦੀ ਅਗਵਾਈ ਗੁਰਨਾਮ ਸਿੰਘ ਸੈਣੀ, ਜ਼ਿਲ੍ਹਾ ਪ੍ਰਧਾਨ ਵਿਸ਼ਾਲਵੀਰ, ਜਨਰਲ ਸਕੱਤਰ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਨੇ ਕੀਤੀ ਜਦ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਠਾਨਕੋਟ ਵਿਖੇ ਗੁਰਦੀਪ ਕੁਮਾਰ ਸਫਰੀ ਦੀ ਅਗਵਾਈ ਵਿੱਚ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਮੋਹਨੀ ਕੌਰ, ਪ੍ਰਸ਼ੋਤਮਾ ਦੇਵੀ, ਸਵੀਟੀ, ਰੀਨਾ, ਚੰਦਰ ਰੇਖਾ, ਸੁਨੀਤਾ ਦੇਵੀ, ਮਨਪ੍ਰੀਤ ਕੌਰ, ਸੰਜੀਵ ਪਠਾਨੀਆ, ਜਤਿੰਦਰ ਸ਼ਰਮਾ, ਸੁਰਜੀਤ ਕਾਟਲ, ਰਿੱਕੀ ਤਨਵਾਲ, ਵਾਸੂ ਖਜੂਰੀਆ, ਰਾਜ ਦੀਪਕ ਆਦਿ ਮੁਲਾਜ਼ਮ ਸ਼ਾਮਲ ਹੋਏ।
ਭਲਕੇ ਰੋਸ ਰੈਲੀ ਕਰਨ ਦਾ ਸੱਦਾ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਪੰਜਾਬ ਭਰ ਦੇ ਸਾਰੇ ਦਫ਼ਤਰਾਂ ਅਤੇ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਅਤੇ ਡਾਇਰੈਕਟੋਰੇਟ ਦੇ ਮਨਿਸਟੀਰੀਅਲ ਕਰਮਚਾਰੀਆਂ ਵਲੋਂ ਦਫਤਰੀ ਕੰਮ ਦਾ ਬਾਈਕਾਟ ਕੀਤਾ ਗਿਆ। ਸਥਾਨਕ ਪੀ.ਡਬਲਯੂ.ਡੀ ਦਫਤਰ ਵਿੱਚ ਇੱਕ ਵਿਸ਼ਾਲ ਰੈਲੀ ਜ਼ਿਲ੍ਹਾ ਪ੍ਰਧਾਨ ਅਨੀਰੁੱਧ ਮੋਦਗਿੱਲ ਦੀ ਅਗਵਾਈ ਵਿੱਚ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜਸਵੀਰ ਸਿੰਘ ਧਾਮੀ, ਸੁਰਜੀਤ ਕੁਮਾਰ, ਨਵਦੀਪ ਸਿੰਘ, ਪਰਮਜੀਤ ਕੌਰ. ਸੰਦੀਪ ਸੰਧੀ, ਗੁਰਵਿੰਦਰ ਸ਼ਾਨੇ, ਨਿਤਿਨ ਮਹਿਰਾ ਆਦਿ ਨੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਵਿਰੋਧ ਕੀਤਾ। ਮੋਦਗਿੱਲ ਨੇ ਕਿਹਾ ਕਿ ਸਾਰੇ ਕਰਮਚਾਰੀ 25 ਜੂਨ ਨੂੰ ਕਲਮਛੋੜ ਹੜਤਾਲ ’ਤੇ ਰਹਿਣਗੇ।