ਜਤਿੰਦਰ ਬੈਂਸ
ਗੁਰਦਾਸਪੁਰ,17 ਸਤੰਬਰ
ਨਰਸਿੰਗ ਸਟਾਫ਼ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਨਰਸਿੰਗ ਐਸੋਸੀਏਸ਼ਨ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਨਰਸਿੰਗ ਸਟਾਫ਼ ਨੇ ਪੰਜਾਬ ਸਰਕਾਰ ਉੱਤੇ ਮੰਗਾਂ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਐਸੋਸੀਏਸ਼ਨ ਦੀ ਜ਼ਿਲ੍ਹਾ ਪ੍ਰਧਾਨ ਸ਼ਮਿੰਦਰ ਕੌਰ ਘੁੰਮਣ, ਸਰਬਜੀਤ ਕੌਰ, ਸੋਮਾ ਦੇਵੀ, ਵੀਰਵਤੀ, ਗੁਰਮੀਤ ਕੌਰ, ਬਲਵਿੰਦਰ ਕੌਰ ਅਤੇ ਹੋਰਨਾਂ ਨੇ ਧਰਨੇ ਨੂੰ ਸੰਬੋਧਨ ਕਰਦੇ ਕਿਹਾ ਕਿ ਕਰੋਨਾ ਮਹਾਮਾਰੀ ਵਿੱਚ ਆਪਣੀ ਜਾਨ ਅਤੇ ਪਰਿਵਾਰ ਦੀ ਪਰਵਾਹ ਕੀਤੇ ਬਗੈਰ ਫਰੰਟ ਲਾਈਨ ਉੱਤੇ ਕੰਮ ਕਰ ਰਹੇ ਨਰਸਿੰਗ ਸਟਾਫ਼ ਨੂੰ ਸਨਮਾਨਿਤ ਕਰਨ ਦੀ ਬਜ਼ਾਏ ਅਪਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੀਬ ਦੋ ਸਾਲ ਤੋਂ ਕੇਂਦਰ ਪੈਟਰਨ ਉੱਤੇ ਨਰਸਿੰਗ ਸਟਾਫ਼ ਦੇ ਅਹੁਦੇ ਬਦਲਣ ਦੀ ਸਰਕਾਰ ਨੂੰ ਵਾਰ-ਵਾਰ ਬੇਨਤੀ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਜਦਕਿ ਅਹੁਦੇ ਦਾ ਨਾਂ ਬਦਲਣ ਨਾਲ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਵਿੱਤੀ ਨੁਕਸਾਨ ਨਹੀਂ ਹੋਣ ਵਾਲਾ ਹੈ।ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਘੁੰਮਣ ਨੇ ਰੋਸ ਜ਼ਾਹਿਰ ਕੀਤਾ ਕਿ ਉਲਟਾ ਨਰਸਿੰਗ ਕੇਡਰ ਨੂੰ ਬੀ ਤੋਂ ਡੀ ਗਰੇਡ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਮੂਹ ਨਰਸਿੰਗ ਸਟਾਫ਼ ਅੰਦਰ ਭਾਰੀ ਰੋਸ ਕਾਰਨ ਸਰਕਾਰ ਖਿਲਾਫ਼ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕੱਚੇ ਕਾਮਿਆਂ ਨੂੰ ਪੱਕਿਆਂ ਕਰਨ, ਰੈਗੂਲਰ ਭਰਤੀ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਵੀ ਕੀਤੀ ਗਈ। ਆਗੂਆਂ ਨੇ ਮੰਗਾਂ ਦੇ ਸਬੰਧ ਵਿੱਚ ਗੱਲਬਾਤ ਲਈ ਸਰਕਾਰ ਤੋਂ ਮੀਟਿੰਗ ਦੀ ਮੰਗ ਕੀਤੀ ਹੈ।