ਨਰਿੰਦਰ ਸਿੰਘ
ਭਿੱਖੀਵਿੰਡ, 10 ਜੁਲਾਈ
ਨਜ਼ਦੀਕੀ ਪਿੰਡ ਮਾੜੀ ਨੋ ਆਬਾਦ ਵਿਚ ਇੱਕ ਔਰਤ ਨੇ ਐੱਨਆਰਆਈ ’ਤੇ ਵਿਦੇਸ਼ ਵਿੱਚ ਦੂਜਾ ਵਿਆਹ ਕਰਵਾ ਕੇ ਤਲਾਕ ਲੈਣ ਲਈ ਉਸ ਦੀ ਜੇਠ ਕੋਲੋਂ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਪਲਵਿੰਦਰ ਕੌਰ ਨੂੰ ਗੰਭੀਰ ਜ਼ਖਮੀ ਸੁਰਸਿੰਘ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਹਰਮਨਪ੍ਰੀਤ ਸਿੰਘ ਨੇ ਆਪਣੀ ਪਤਨੀ ਅਤੇ ਸਾਥੀਆਂ ਨਾਲ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੰਨਾਂ ਵਿਚ ਸੋਨੇ ਦੀਆਂ ਵਾਲੀਆਂ ਉਤਾਰ ਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਘਰ ਦੀ ਭੰਨਤੋੜ ਕੀਤੀ। ਜ਼ਿਕਰਯੋਗ ਹੈ ਕਿ ਬੈਲਜੀਅਮ ਰਹਿੰਦੇ ਸੁਖਜਿੰਦਰ ਸਿੰਘ ਐੱਨਆਰਆਈ ਜਿਸ ਵੱਲੋਂ 14 ਸਾਲ ਪਹਿਲਾਂ ਇੱਥੇ ਪਲਵਿੰਦਰ ਕੌਰ ਨਾਲ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਕ 13 ਸਾਲਾ ਲੜਕੀ ਅਤੇ 12 ਸਾਲਾ ਦਾ ਲੜਕਾ ਹੈ। ਸੁਖਜਿੰਦਰ ਸਿੰਘ ਵੱਲੋਂ ਵਿਦੇਸ਼ ਵਿਚ ਵਿਆਹ ਕਰਵਾਉਣ ਤੋਂ ਬਾਅਦ ਉਸ ਦਾ ਇੱਕ ਲੜਕਾ ਵੀ ਹੈ ਅਤੇ ਹੁਣ ਉਹ ਆਪਣੀ ਪੰਜਾਬ ਰਹਿੰਦੀ ਪਤਨੀ ਕੋਲੋਂ ਤਲਾਕ ਦੀ ਮੰਗ ਕਰਕੇ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਸ ਨੂੰ ਹਿੱਸੇ ਆਉਂਦੀ ਆਪਣੀ ਜ਼ਮੀਨ ਵੀ ਨਹੀਂ ਵਾਹੁਣ ਦਿੱਤੀ ਜਾ ਰਹੀ। ਇਸ ਲਈ ਐੱਨਆਰਆਈ ਸੁਖਜਿੰਦਰ ਸਿੰਘ ਦੇ ਭਰਾ ਹਰਮਨਪ੍ਰੀਤ ਸਿੰਘ ਨੇ ਆਪਣੇ ਐੱਨਆਰਆਈ ਭਰਾ ਦੇ ਕਹਿਣ ’ਤੇ ਜ਼ਮੀਨ ਨੂੰ ਪਾਣੀ ਲਾਉਣ ਲਈ ਪਲਵਿੰਦਰ ਕੌਰ ਅਤੇ ਉਸ ਦੇ ਪੁੱਤਰ ਅਭਿਜੋਤ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਖੇਤਾਂ ਵਿਚ ਪਾਣੀ ਲਾਉਣ ਤੋਂ ਰੋਕਿਆ ਜਾ ਰਿਹਾ। ਇਸ ਬਾਰੇ ਪਿੰਡ ਵਾਸੀਆਂ ਨੇ ਕਿਹਾ ਕਿ ਹਰਮਨਪ੍ਰੀਤ ਸਿੰਘ ਪੀੜਤ ਮਹਿਲਾ ਪਲਵਿੰਦਰ ਕੌਰ ਨਾਲ ਧੱਕਾ ਕਰ ਰਿਹਾ ਹੈ ਅਤੇ ਜੇ ਕਿਸੇ ਜਗ੍ਹਾ ਉਨ੍ਹਾਂ ਨੂੰ ਜਾ ਕੇ ਬਿਆਨ ਵੀ ਦੇਣੇ ਪਏ ਤਾਂ ਉਹ ਦੇਣਗੇ। ਉਧਰ ਹਸਪਤਾਲ ਵਿਚ ਦਾਖ਼ਲ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਉੱਪਰ ਵੀ ਹਮਲਾ ਹੋਇਆ ਜਿਸ ਨਾਲ ਉਸ ਨੂੰ ਸੱਟ ਲੱਗੀ। ਉਸ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਲਵਿੰਦਰ ਕੌਰ ਦੇ ਖੰਭੇ ਵਿਚ ਵੱਜਣ ਨਾਲ ਸੱਟ ਲੱਗੀ ਹੈ।
ਹਰਮਨਪ੍ਰੀਤ ’ਤੇ ਪਹਿਲਾਂ ਵੀ ਇਸ ਸਬੰਧੀ ਕੇਸ ਦਰਜ ਹੈ: ਐੱਸਐੱਚਓ
ਥਾਣਾ ਭਿੱਖੀਵਿੰਡ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਮੈਡੀਕਲ ਰਿਪੋਰਟ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਸਿੰਘ ’ਤੇ ਪਹਿਲਾ ਵੀ ਇਸ ਔਰਤ ਨਾਲ ਝਗੜਾ ਕਰਨ ਸਬੰਧੀ ਕੇਸ ਦਰਜ ਹੈ।
ਵਿਦਿਆਰਥੀ ਦੀ ਕੁੱਟਮਾਰ ਤੇ ਸਾਈਕਲ ਖੋਹਿਆ
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਪਿੰਡ ਕੁੱਲੇਵਾਲ ਵਿੱਚ ਰਹਿੰਦੇ ਪਰਵਾਸੀ ਮਜ਼ਦੂਰਾਂ ਦੇ ਬੱਚੇ ਦੀ ਕੁੱਝ ਵਿਅਕਤੀਆਂ ਨੇ ਕੁੱਟਮਾਰ ਕੀਤੀ ਤੇ ਸਾਈਕਲ ਖੋਹ ਲਿਆ। ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਦਾਖਲ ਬੱਚੇ ਯੁਵਰਾਜ ਦੀ ਮਾਤਾ ਪ੍ਰੇਮਵਤੀ ਨੇ ਦੱਸਿਆ ਕਿ ਉਸ ਦਾ ਲੜਕਾ ਇਬਰਾਹੀਮਪੁਰ ਦੇ ਸਰਕਾਰੀ ਹਾਈ ਸਕੂਲ ਵਿੱਚ ਸੱਤਵੀਂ ਜਮਾਤ ਪੇਪਰ ਪਾ ਕੇ ਦੁਪਹਿਰ ਨੂੰ ਘਰ ਪਰਤ ਰਿਹਾ ਸੀ ਕਿ ਰਸਤੇ ਚ ਗੱਡੀ ਸਵਾਰ 3-4 ਵਿਅਕਤੀਆਂ ਨੇ ਜਿਨ੍ਹਾਂ ਮੂੰਹ ਢਕੇ ਹੋਏ ਸਨ। ਯੁਵਰਾਜ ਦੀ ਕੁੱਟਮਾਰ ਕੀਤੀ ਤੇ ਸਾਈਕਲ ਚੁੱਕ ਕੇ ਲੈ ਗਏ।