ਪੱਤਰ ਪ੍ਰੇਰਕ
ਪਠਾਨਕੋਟ, 21 ਮਾਰਚ
ਸਰਕਾਰੀ ਵਿਭਾਗਾਂ ਤੋਂ ਕਾਂਗਰਸ ਪਾਰਟੀ ਦੇ ਸਮੇਂ ਦੀ ਬਕਾਇਆ ਰਾਸ਼ੀ 31 ਮਾਰਚ ਤੱਕ ਜਮ੍ਹਾ ਕਰਵਾਉਣ ਲਈ ਪਾਵਰਕੌਮ ਨੇ ਵਿਭਾਗਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਇਨ੍ਹਾਂ ਨੋਟਿਸਾਂ ਵਿੱਚ ਪਾਵਰਕੌਮ ਨੇ ਵਿਭਾਗਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ 31 ਮਾਰਚ ਤੱਕ ਬਕਾਇਆ ਜਮ੍ਹਾ ਰਾਸ਼ੀ ਨਾ ਕਰਵਾਈ ਗਈ ਤਾਂ ਅਪਰੈਲ ਮਹੀਨੇ ਵਿੱਚ ਕਿਸੇ ਵੀ ਵੇਲੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ।
ਪਾਵਰਕੌਮ ਅਰਬਨ ਡਵੀਜ਼ਨ ਦੇ ਸੀਨੀਅਰ ਐਕਸੀਅਨ ਜਸਵਿੰਦਰ ਪਾਲ ਅਨੁਸਾਰ ਅਰਬਨ ਡਵੀਜ਼ਨ ਦੀ ਸਭ ਤੋਂ ਜ਼ਿਆਦਾ ਬਕਾਇਆ ਨਗਰ ਨਿਗਮ ਪਠਾਨਕੋਟ ਵੱਲ 28.35 ਕਰੋੜ ਰੁਪਏ ਹੈ। ਇਸ ਦੇ ਇਲਾਵਾ ਪਾਵਰਕੌਮ ਨੇ ਵਾਟਰ ਸਪਲਾਈ ਵਿਭਾਗ ਤੋਂ 4 ਕਰੋੜ, ਸਿੰਚਾਈ ਵਿਭਾਗ ਤੋਂ 4.95 ਕਰੋੜ ਰੁਪਏ, ਨਗਰ ਸੁਧਾਰ ਟਰਸਟ ਕੋਲੋਂ 65 ਲੱਖ ਰੁਪਏ, ਡੀਸੀ ਦਫਤਰ ਕੋਲੋਂ 20 ਲੱਖ ਰੁਪਏ, ਹੈਲਥ ਵਿਭਾਗ ਕੋਲੋਂ 10 ਲੱਖ ਰੁਪਏ ਲੈਣੇ ਹਨ।
ਨਗਰ ਨਿਗਮ ਅਤੇ ਵਾਟਰ ਸਪਲਾਈ ਵਿਭਾਗ ਪਿਛਲੇ ਲੰਬੇ ਸਮੇਂ ਤੋਂ ਮੌਜੂਦਾ ਬਿੱਲ ਹੀ ਜਮ੍ਹਾਂ ਕਰਵਾ ਕੇ ਆਪਣਾ ਕੰਮ ਚਲਾ ਰਹੇ ਹਨ। ਪਾਵਰਕੌਮ ਦੇ ਉਚ ਅਧਿਕਾਰੀਆਂ ਨੇ ਇਨ੍ਹਾਂ ਵਿਭਾਗਾਂ ਉਪਰ ਬਕਾਇਆ ਰਾਸ਼ੀ ਜਮ੍ਹਾ ਕਰਵਾਉਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸੀਨੀਅਰ ਐਕਸੀਅਨ ਜਸਵਿੰਦਰ ਪਾਲ ਨੇ ਅੱਗੇ ਦੱਸਿਆ ਕਿ ਇਨ੍ਹਾਂ ਵਿਭਾਗਾਂ ਨੂੰ 31 ਮਾਰਚ ਤੱਕ ਆਪਣਾ ਬਣਦਾ ਬਕਾਇਆ ਜਮ੍ਹਾ ਕਰਵਾਉਣ ਲਈ ਨੋਟਿਸ ਭੇਜ ਦਿੱਤੇ ਗਏ ਹਨ।