ਗੁਰਬਖਸ਼ਪੁਰੀ
ਤਰਨ ਤਾਰਨ, 20 ਜੁਲਾਈ
ਜ਼ਿਲ੍ਹੇ ਦੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਲੇਰ ਖੁਰਦ ਦੇ ਪ੍ਰਾਇਮਰੀ ਵਿੰਗ ਵਿੱਚ ਪੜ੍ਹਦੇ 551 ਵਿਦਿਆਰਥੀ ਬੀਤੇ ਅੱਠ ਸਾਲਾਂ ਤੋਂ ਇਕ ਅਧਿਆਪਕ ਲਈ ਵੀ ਤਰਸ ਰਹੇ ਹਨ। ਸਰਹੱਦੀ ਖੇਤਰ ਦੇ ਗਰੀਬ ਵਰਗਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਵੱਲੋਂ 13 ਸਾਲ ਪਹਿਲਾਂ ਸ਼ੁਰੂ ਕੀਤੀ ਇਸ ਸਹੂਲਤ ਦਾ ਇਲਾਕਾ ਵਾਸੀਆਂ ਨੇ ਉਸ ਵੇਲੇ ਭਰਵਾਂ ਸਵਾਗਤ ਕੀਤਾ ਸੀ| ਸਰਹੱਦੀ ਇਲਾਕਾ ਹੋਣ ਕਰਕੇ ਇਕ-ਇਕ ਕਰਕੇ ਇਥੋਂ ਸਾਰੇ ਈਟੀਟੀ ਅਧਿਆਪਕ ਬਦਲੀਆਂ ਕਰਵਾ ਕੇ ਸ਼ਹਿਰੀ ਖੇਤਰਾਂ ਨੂੰ ਚਲੇ ਗਏ ਹਨ| ਸਕੂਲ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਸੂਬਾ ਸਰਕਾਰ ਵੱਲੋਂ ਹੁਣੇ ਜਿਹੇ ਭਰਤੀ ਕੀਤੇ 6635 ਈਟੀਟੀ ਅਧਿਆਪਕਾਂ ਵਿੱਚੋਂ ਤਰਨ ਤਾਰਨ ਜ਼ਿਲ੍ਹੇ ਲਈ ਭਾਵੇਂ 823 ਅਧਿਆਪਕ ਤਾਂ ਭੇਜੇ ਗਏ ਪਰ ਇਸ ਸਕੂਲ ਦੇ ਹਿੱਸੇ ਇਕ ਅਧਿਆਪਕ ਵੀ ਨਹੀਂ ਆਇਆ| ਇਸ ਸਕੂਲ ਵਿੱਚ ਬਲੇਰ ਖੁਰਦ ਤੋਂ ਇਲਾਵਾ ਆਸ ਪਾਸ ਦੇ ਕਈ ਪਿੰਡਾਂ ਤੋਂ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ| ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਰਾਜਦੀਪ ਸਿੰਘ ਨੇ ਦੱਸਿਆ ਕਿ ਸਕੂਲ ਦੇ ਇਸ ਪ੍ਰਾਇਮਰੀ ਵਿੰਗ ਵਿੱਚ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਲੋੜੀਂਦੀ ਗਿਣਤੀ ਦੇ ਅਧਿਆਪਕ ਭੇਜਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਸਣੇ ਹੋਰ ਸਮਰਥ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਹੈ ਪਰ ਬੱਚਿਆਂ ਨੂੰ ਅਧਿਆਪਕ ਮਿਲਣਾ ਦੂਰ ਦੀ ਗੱਲ ਲੱਗਦੀ ਹੈ| ਇਹ ਮਾਮਲਾ ਖੁਸ਼ਹਾਲੀ ਦੇ ਰਾਖਿਆਂ (ਜੀਓਜੀ) ਨੇ ਵੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ| ਇਥੇ ਆਦਰਸ਼ ਸਕੂਲ ਸਥਾਪਿਤ ਹੋਣ ਤੋਂ ਪਹਿਲਾਂ ਸਰਕਾਰ ਨੇ ਇਕ ਦੋ ਮੰਜ਼ਿਲਾ ਖੂਬਸੂਰਤ ਇਮਾਰਤ ਤਿਆਰ ਕੀਤੀ ਸੀ ਜਿਥੇ ਲੋੜ ਅਨੁਸਾਰ ਕੰਪਿਊਟਰ ਆਦਿ ਭੇਜੇ ਗਏ ਸਨ| ਸਕੂਲ ਦੇ ਪ੍ਰਿੰਸੀਪਲ ਰਾਜਦੀਪ ਸਿੰਘ ਨੇ ਦੱਸਿਆ ਕਿ ਉਹ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀ ਨੂੰ ਪੜ੍ਹਾਉਣ ਲਈ ਸੈਕੰਡਰੀ ਵਿੰਗ ਤੋਂ ਖਾਲੀ ਪੀਰੀਅਡ ਵਾਲੇ ਅਧਿਆਪਕਾਂ ਨੂੰ ਭੇਜ ਕੇ ਆਪਣੀਆਂ ਕੋਸ਼ਿਸ਼ਾਂ ਕਰਦੇ ਆ ਰਹੇ ਹਨ ਪਰ ਅਜਿਹਾ ਕਰਨ ਨਾਲ ਪਹਿਲਾਂ ਤੋਂ ਹੀ ਕੰਮ ਦੇ ਬੋਝ ਹੇਠਾਂ ਦੱਬੇ ਅਧਿਆਪਕਾਂ ’ਤੇ ਵਧੇਰਾ ਮਾਨਸਿਕ ਬੋਝ ਪੈ ਰਿਹਾ ਹੈ| ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਹਰਭਗਵੰਤ ਸਿੰਘ ਨੇ ਆਪਣਾ ਮੋਬਾਈਲ ਹੀ ਨਹੀਂ ਉਠਾਇਆ।