ਗੁਰਬਖਸ਼ਪੁਰੀ
ਤਰਨ ਤਾਰਨ, 26 ਜੂਨ
ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਕਾਨੂੰਨੀ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਅਦਾਲਤ ਵਲੋਂ ‘ਭਗੌੜਾ ਅਪਰਾਧੀ’ ਕਰਾਰ ਦਿੱਤੇ ਇੱਕ ਮੁਲਜ਼ਮ ਨੂੰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਨਾਮਜ਼ਦ ਕੀਤਾ ਹੈ|ਪਰਮਜੀਤ ਸਿੰਘ ਵਾਸੀ ਪਲਾਸੌਰ ਨਾਂ ਦੇ ਵਿਅਕਤੀ ਨੂੰ ਇਥੋਂ ਦੇ ਚੀਫ਼ ਜੂਡੀਸ਼ੀਅਲ ਮਜਿਸਟਰੇਟ ਦੀ ਅਦਾਲਤ ਵਲੋਂ ਸੁਖਜਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਵਲੋਂ ਅਦਾਲਤ ਵਿੱਚ ਕੀਤੀ ਸ਼ਿਕਾਇਤ ਦੇ ਆਧਾਰ ’ਤੇ 20 ਨਵੰਬਰ, 2019 ਭਗੌੜਾ ਕਰਾਰ ਦਿੱਤਾ ਗਿਆ ਸੀ| ਇਸ ਸਬੰਧੀ ਸਥਾਨਕ ਸਿਟੀ ਪੁਲੀਸ ਨੇ ਪਰਮਜੀਤ ਸਿੰਘ ਖਿਲਾਫ਼ ਦਫ਼ਾ 174-ਏ ਅਧੀਨ ਇਕ ਕੇਸ ਦਰਜ ਕੀਤਾ ਹੋਇਆ ਹੈ| (ਇਸ ਸਬੰਧੀ ਲੋੜੀਂਦੀ ਐਫ਼ਆਈਆਰ ਦੀ ਕਾਪੀ ਇਸ ਪੱਤਰਕਾਰ ਕੋਲ ਹੈ)| ਹਾਕਮ ਧਿਰ ਅੰਦਰ ਚੰਗੀ-ਚੋਖੀ ਪੁੱਛ ਪਰਤੀਤ ਹੋਣ ਕਰਕੇ ਉਸ ਨੂੰ ਜਿਥੇ ਕਿਸੇ ਨੇ ਅੱਜ ਤੱਕ ਗ੍ਰਿਫ਼ਤਾਰ ਕਰਨ ਦੀ ਹਿੰਮਤ ਤੱਕ ਨਹੀਂ ਕੀਤੀ ਉਥੇ ਉਸ ਨੂੰ ਹਾਕਮ ਧਿਰ ਦੀ ਸਿਫਾਰਸ਼ ’ਤੇ ਹੀ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ| ਇਸ ਸਬੰਧੀ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਅਮਨਪ੍ਰੀਤ ਸਿੰਘ ਨੇ ਉਸ ਦੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਹੋਣ ਦੀ ਪੁਸ਼ਟੀ ਕੀਤੀ ਹੈ| ਇਸ ਦੇ ਨਾਲ ਹੀ ਡੀਐੱਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਪਰਮਜੀਤ ਸਿੰਘ ਨੂੰ ਅਦਾਲਤ ਵਲੋਂ ਭਗੌੜਾ ਮੁਲਜ਼ਮ ਕਰਾਰ ਹੈ|