ਜਤਿੰਦਰ ਬੈਂਸ
ਗੁਰਦਾਸਪੁਰ, 27 ਮਈ
ਪੇਂਡੂ ਵਿਕਾਸ ਅਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਤੇ ਡੇਅਰੀ ਵਿਕਾਸ ਅਤੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਥਾਨਕ ਪੰਚਾਇਤ ਭਵਨ ਵਿਚ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨਿਰੰਤਰ ਜਾਰੀ ਰਹੇਗੀ। 30 ਜੂਨ ਤੱਕ ਲੋਕ ਸਵੈ-ਇੱਛਾ ਨਾਲ ਕਬਜ਼ੇ ਛੱਡ ਸਕਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਗ਼ਰੀਬ ਨੂੰ ਉਜਾੜਿਆ ਨਹੀਂ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਵਿਸ਼ੇਸ਼ ਤੌਰ ਉੱਤੇ ਗੁਰਦਾਸਪੁਰ ਆਏ ਹਨ ਕਿਉਂਕਿ ਕਾਹਨੁੂੰਵਾਨ ਹਲਕੇ ਦੇ 50 ਕਿਸਾਨਾਂ ਵੱਲੋਂ 119 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਸਵੈ-ਇੱਛਾ ਨਾਲ ਛੱਡਿਆ ਜਾਣਾ ਸੀ। ਉਨ੍ਹਾਂ ਨੇ ਕਿਸਾਨਾਂ ਨੂੰ ਅਗਲੇ ਤਿੰਨ ਸਾਲ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਤੇ ਲੀਜ਼ ਉੱਤੇ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਲੀਜ਼ ਉੱਤੇ ਦਿੱਤੀ ਜ਼ਮੀਨ ਨੀਤੀ ਤਹਿਤ ਸਾਲਾਨਾ 10 ਫ਼ੀਸਦ ਦਾ ਵਾਧਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਇੱਕ ਨੀਤੀ ਤਿਆਰ ਕੀਤੀ ਜਾ ਰਹੀ ਹੈ, ਜਿਸ ਤਹਿਤ ਜਿਸ ਕਿਸਾਨ ਨੇ ਜ਼ਮੀਨ ਨੂੰ ਵਾਹੀਯੋਗ ਬਣਾਇਆ ਹੈ, ਉਸ ਨੂੰ ਜ਼ਮੀਨ ਕੁਲੈਕਟਰ ਭਾਅ ਉੱਤੇ ਦੇਣ ਦੀ ਪਹਿਲ ਹੋਵੇਗੀ।
ਉਨ੍ਹਾਂ ਦੱਸਿਆ ਕਿ ਜਿੱਥੇ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ, ਉੱਥੇ ਲੀਜ਼ ਉੱਤੇ ਦੇਣ ਦੀ ਪਹਿਲੀ ਪਹਿਲ ਕਬਜ਼ਾ ਛੱਡਣ ਵਾਲੇ ਨੂੰ ਹੀ ਮਿਲੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਗ਼ਰੀਬ ਨੂੰ ਉਜਾੜਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰੀਬ 50 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਨਾਜਾਇਜ਼ ਕਬਜ਼ੇ ਅਧੀਨ ਹੈ।